ਗੁਰੂਘਰ ਵਿਖੇ ਤਿੰਨ ਦਿਨਾ ਜੋੜ ਮੇਲਾ ਅੱਜ ਤੋਂ ਸ਼ੁਰੂ
ਗੁਰਦੁਆਰਾ ਗੰਡੂ ਸਾਹਿਬ ਵਿਖੇ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ 9 ਤੋਂ
Publish Date: Sun, 08 Mar 2026 05:55 PM (IST)
Updated Date: Mon, 09 Mar 2026 04:07 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦੇ ਪ੍ਰਬੰਧ ਅਧੀਨ ਇਤਿਹਾਸਿਕ ਗੁਰਦੁਆਰਾ ਗੰਡੂ ਸਾਹਿਬ ਭਗਤਾ ਭਾਈਕਾ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਨਿਹੰਗ ਸਿੰਘ ਨੇ ਦੱਸਿਆ ਕਿ ਸ੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਬੁੱਢਾ ਦਲ ਦੀ ਯੋਗ ਰਹਿਨੁਮਾਈ ਹੇਠ ਇਲਾਕਾ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਤੇ 9,10 ਅਤੇ 11 ਮਾਰਚ ਨੂੰ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਸ ਇਤਿਹਾਸਿਕ ਅਸਥਾਨ ਬਾਰੇ ਦੱਸਿਆ ਕਿ ਭਗਤਾ ਭਾਈਕਾ ਤੋਂ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਵਾਲੇ ਪਾਸੇ ਸ਼ਿਕਾਰ ਖੇਡਣ ਲਈ ਆਏ ਤਾਂ ਇੱਕ ਤਿੱਤਰ ਨੂੰ ਬੋਲਦਿਆਂ ਸੁਣਿਆ। ਗੁਰੂ ਜੀ ਨੇ ਕਿਹਾ ਕਿ 'ਭੂਮੀਆ ਭੂਮੀ ਉੱਪਰ ਨਿਤ ਲੂਝੈ, ਛੋਡ ਚਲੈ ਤ੍ਰਿਸਨਾ ਨਹੀ ਬੂਝੈ' ਸਿੰਘਾਂ ਨੇ ਪੁੱਛਿਆ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਇਸ ਅਸਥਾਨ ਦਾ ਮਾਲਕ ਰਾਜਾ ਗੰਡੂ ਹੁੰਦਾ ਸੀ ਜੋ ਹੁਣ ਤਿੱਤਰ ਦੀ ਜੂਨੀ ਵਿਚ ਹੈ। ਪਰ ਇਹ ਆਪਣੀ ਇਹ ਥੇਹ ਵਾਲੀ ਜਗਹਾ ਨੂੰ ਛੱਡ ਨਹੀਂ ਰਿਹਾ। ਗੁਰੂ ਜੀ ਨੇ ਇਹ ਵੀ ਦੱਸਿਆ ਕਿ ਇਸ ਦੀ ਇਕ ਅੱਖ ਖਰਾਬ ਹੈ ਸਿੰਘਾਂ ਨੇ ਉਸ ਤਿੱਤਰ ਨੂੰ ਘੇਰ ਕੇ ਫੜ ਲਿਆ ਤਾਂ ਵੇਖਿਆ ਵੀ ਉਸ ਦੀ ਇਕ ਅੱਖ ਨਹੀਂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਇਸ ਤਿੱਤਰ ਨੂੰ ਜਨਮ ਮਰਨ ਦੇ ਬੰਧਨ ਤੋਂ ਛੁਟਕਾਰਾ ਦੁਆਇਆ ਤੇ ਇਸ ਗੰਡੂ ਰਾਜੇ ਦਾ ਉਦਾਰ ਕੀਤਾ। ਇਹ ਇਤਿਹਾਸਿਕ ਅਸਥਾਨ ਪਿੰਡ ਸਿਰੀਏਵਾਲਾ, ਬੁਰਜ ਥਰੋੜ, ਕੋਠਾ ਗੁਰੂ ਅਤੇ ਭਗਤਾ ਭਾਈਕਾ ਦੇ ਵਿਚਕਾਰ ਸਥਿਤ ਹੈ। ਬਾਬਾ ਜੋਗਾ ਸਿੰਘ ਨੇ ਦੱਸਿਆ ਕਿ ਇਸ ਵਾਰ ਕਰਵਾਏ ਜਾ ਰਹੇ ਸਾਲਾਨਾ ਧਾਰਮਿਕ ਗੁਰਮਤ ਸਮਾਗਮਾਂ ਵਿੱਚ 10 ਮਾਰਚ ਸਾਮ ਨੂੰ ਕੀਰਤਨ ਦਰਬਾਰ ਸਜੇਗਾ ਅਤੇ 11 ਮਾਰਚ ਨੂੰ ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਤੇ ਕਥਾਵਾਚਕਾਂ ਤੋਂ ਇਲਾਵਾ ਬੁੱਢਾ ਦਲ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਬੁੱਢਾ ਦਲ ਨਿਹੰਗ ਸਿੰਘ ਛਾਉਣੀਆਂ ਦੇ ਸੰਤ, ਮਹੰਤ, ਮਹਾਂਪੁਰਸ਼ ਨਿਹੰਗ ਸਿੰਘ ਫੌਜਾਂ ਹਾਜ਼ਰੀਆਂ ਭਰਨਗੇ। ਬਾਬਾ ਜੋਗਾ ਸਿੰਘ ਨੇ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰਨ ਅਤੇ ਗੁਰੂ ਪੰਥ ਖਾਲਸੇ ਦੀਆ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਤਿੰਨੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।