- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਬਚਾਓ ਰੈਲੀ' ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ

-ਕਿਹਾ, ਸਰਕਾਰ ਬਣਨ ਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਲਿਆਵਾਂਗੇ ਨਵੇਂ ਸਖ਼ਤ ਕਾਨੂੰਨ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ
ਸ੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ 'ਪੰਜਾਬ ਬਚਾਓ ਯਾਤਰਾ' ਤਹਿਤ ਹਲਕਾ ਮੌੜ ਵਿਖੇ ਮੌੜ ਮੰਡੀ ਦੀ ਅਨਾਜ ਮੰਡੀ ਵਿਚ ਪੰਜਾਬ ਬਚਾਓ ਰੈਲੀ ਹਲਕਾ ਮੌੜ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ। ਇਸ ਰੈਲੀ ਨੂੰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਝੂਠੇ ਬਦਲਾਅ ਦੀ ਸਿਆਸਤ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਡੱਟ ਕੇ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਬਚਾਓ ਰੈਲੀਆਂ’ ਦਾ ਮੁੱਖ ਉਦੇਸ਼ ਸੂਬੇ ਦੀ ਜਨਤਾ ਨੂੰ ‘ਆਪ’ ਦੀ ਸਰਕਾਰ ਦੀਆਂ ਨਕਾਮੀਆਂ ਤੋਂ ਜਾਗਰੂਕ ਕਰਵਾਉਣਾ ਤੇ ਜਨਤਾ ਨੂੰ ਅਕਾਲੀ ਦਲ ਦੀਆਂ ਨੀਤੀਆਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢ ਕੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗੀ ਤੇ ਪੰਜਾਬ ਦੀ ਕਿਸਾਨੀ ਨੂੰ ਕਰਜ਼ੇ ਦੀ ਦਲਦਲ 'ਚੋਂ ਬਾਹਰ ਕੱਢਣ ਲਈ ਕਿਸਾਨਾਂ ਲਈ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਮੌਜੂਦਾ ‘ਆਪ’ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਹਰਾ ਪੈੱਨ ਬੰਦ ਕਰਕੇ ਹੈਲੀਕਾਪਟਰਾਂ ਦੇ ਝੂਟੇ ਲੈਣ ਲੱਗੇ ਹੋਏ ਹਨ ਅਤੇ ਪੰਜਾਬ ਤੇ ਕਰਜ਼ਾ ਦਿਨੋਂ ਦਿਨ ਵੱਧ ਰਿਹਾ ਹੈ। ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਲਈ 3100 ਰੁਪਏ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਤਹਿਤ ਇੱਕ ਲੱਖ ਰੁਪਏ ਕਰਨ ਅਤੇ ਹਰ ਛੋਟੇ ਵੱਡੇ ਦੁਕਾਨਦਾਰਾਂ ਨੂੰ ਬਿਨ੍ਹਾਂ ਵਿਆਜ਼ ਤੋਂ 10 ਲੱਖ ਦੇ ਕਰਜ਼ੇ ਦੇਣ ਦੇ ਕਈ ਹੋਰ ਅਹਿਮ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਲਈ ਜੋ ਦਰਦ ਸ਼੍ਰੋਮਣੀ ਅਕਾਲੀ ਦਲ ਨੂੰ ਹੈ ਉਹ ਮੋਦੀ, ਰਾਹੁਲ ਤੇ ਕੇਜਰੀਵਾਲ ਨੂੰ ਨਹੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪੰਜਾਬ 'ਚੋਂ ਗੈਂਗਸਟਰਵਾਦ, ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਨਵਾਂ ਕਾਨੂੰਨ ਲਿਆਂਦੇ ਜਾਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਵਿਕਾਸ ਦੇ ਕੰਮ ਹੋਏ ਹਨ, ਜਦਕਿ ਮੌਜੂਦਾ ਸਰਕਾਰ ਸਿਰਫ਼ ਕਰਜ਼ੇ ਲੈ ਕੇ ਪ੍ਰਚਾਰ ਕਰ ਰਹੀ ਹੈ। ਰੈਲੀ ਦੌਰਾਨ ਪਾਰਲੀਮੈਂਟ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਪੰਜਾਬ ਨੂੰ 1.5 ਲੱਖ ਕਰੋੜ ਰੁਪਏ ਦਾ ਕਰਜ਼ਦਾਰ ਬਣਾਉਣ ਦੇ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਰਜ਼ਾ ਅਗਲੇ ਪੰਜ ਸਾਲਾਂ ਵਿਚ 2 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ‘ਆਪ’ ਦੀ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਸੀ ਤੇ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੀਆਂ ਔਰਤਾਂ 1000 ਰੁਪਏ ਦੀ ਉਡੀਕ ਕਰ ਰਹੀਆ ਹਨ। ਕਿਸਾਨ ਹਿਤੈਸ਼ੀ ਕਹਾਉਣ ਵਾਲੇ ਭਗਵੰਤ ਮਾਨ ਨੇ ਕਿਸਾਨਾਂ ਨੂੰ ਕੁੱਟਣ ਦੀ ਕਸਰ ਬਾਕੀ ਨਹੀ ਛੱਡੀ। ਪੰਜਾਬ ਅੰਦਰ ਨਸ਼ਾ ਪ੍ਰਚੂਨ 'ਚ ਵਿਕ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ‘ਆਪ’ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦੇਣ। ਇਸ ਰੈਲੀ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਸਾਬਕਾ ਮੰਤਰੀ ਪੰਜਾਬ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਦੇ ਸੁਭਾਅ ਨੂੰ ਜਾਣਨ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਵਿਅਕਤੀ ਦਾ ਧੱਕੇ ਨਾਲ ਮੂੰਹ ਬੰਦ ਕਰਨਾ ਚਹੁੰਦਾ ਹੈ। ਭਗਵੰਤ ਮਾਨ ਇਹ ਨਹੀ ਜਾਣਦਾ ਕਿ ਪੰਜਾਬੀਆਂ ਨੂੰ ਧੱਕੇ ਨਾਲ ਦਬਾਉਣ ਦੀ ਕੋਸ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋਈ, ਜਿਸ ਕਾਰਨ ‘ਆਪ’ ਦਾ ਪੰਜਾਬ ਅੰਦਰ ਗਰਾਫ਼ ਬਿਲਕੁੱਲ ਡਿੱਗ ਚੁੱਕਾ ਹੈ ਅਤੇ 2027 'ਚ ਪੰਜਾਬ ਅੰਦਰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ। ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਜਰੂਰੀ ਹੈ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਮੌੜ ਹਲਕੇ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ ਨੇ ਆਪਣੇ ਰਾਜ ਦੌਰਾਨ ਕੀਤੇ ਕੰਮਾਂ ਨੂੰ ਦੁਹਰਾਇਆ ਅਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੂ, ਮੋਹਿਤ ਗੁਪਤਾ, ਸੰਦੀਪ ਬਾਠ, ਸੋਨੀ ਮਾਨ, ਜਸਪਾਲ ਖਾਨਾ, ਹਰਭਜਨ ਸਿੰਘ ਮਾਈਸਰਖਾਨਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਖਚੈਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਯੂਥ ਆਗੂ ਹੈਪੀ ਜੈਂਦ, ਬਿੱਟੂ ਐਸੀ, ਐਸਆਈਓ ਦੇ ਮੀਤ ਪ੍ਰਧਾਨ ਜਸ਼ਨ ਬਾਦਤ, ਸੋਨਪਾਲ ਮਾਨਸਾ, ਜਗਸੀਰ ਸ਼ਰਮਾ ਕੋਟਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਮੌਜੂਦ ਸਨ।