ਸਿਵਲ ਹਸਪਤਾਲ ’ਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਅੱਜ
ਸਿਵਲ ਹਸਪਤਾਲ ਵਿਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ 11 ਮਾਰਚ ਤਕ
Publish Date: Sun, 08 Mar 2026 04:53 PM (IST)
Updated Date: Mon, 09 Mar 2026 04:03 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਹਿਲਾਵਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਸਿਵਲ ਹਸਪਤਾਲ ਰਾਮਾਂ ਵਿਚ 9 ਤੋਂ 11 ਮਾਰਚ ਤਕ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਿਵਲ ਸਰਜਨ ਡਾ. ਜੋਤੀ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸਤਪਾਲ ਸਿੰਘ ਦੀ ਅਗਵਾਈ ਹੇਠ ਲਾਇਆ ਜਾ ਰਿਹਾ ਹੈ। ਇਸ ਸਬੰਧੀ ਔਰਤ ਰੋਗਾਂ ਦੀ ਮਾਹਰ ਡਾ. ਅੰਕਿਤਾ ਨੇ ਦੱਸਿਆ ਕਿ 30 ਸਾਲ ਤੋਂ ਉੱਪਰ ਦੀਆਂ ਔਰਤਾਂ ਵਿਚ ਬੱਚੇਦਾਨੀ ਦਾ ਸਰਵਾਈਕਲ ਕੈਂਸਰ ਭਾਰਤ ਵਿਚ ਛਾਤੀ ਦੇ ਕੈਂਸਰ ਤੋਂ ਬਾਅਦ ਦੂਜੇ ਨੰਬਰ ‘ਤੇ ਪਾਇਆ ਜਾਂਦਾ ਹੈ ਤੇ ਹਰ ਸਾਲ ਇਸ ਬਿਮਾਰੀ ਦੇ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ। ਕੈਂਸਰ ਪ੍ਰੋਜੈਕਟ ਜ਼ਿਲ੍ਹਾ ਬਠਿੰਡਾ ਦੇ ਨੋਡਲ ਅਫਸਰ ਡਾ. ਕਰਨ ਅਵਰੋਲ ਦੇ ਯਤਨਾਂ ਸਦਕਾ ਇਸ ਕੈਂਪ ਦੌਰਾਨ ਸਮਾਰਟ ਸਕੋਪ ਰਾਹੀਂ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਨਵੀਂ ਤਕਨੀਕ ਵਿਚ ਕਿਸੇ ਵੀ ਤਰ੍ਹਾਂ ਦਾ ਇੰਜੈਕਸ਼ਨ ਨਹੀਂ ਲੱਗਦਾ ਅਤੇ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਲੈਸ ਆਧੁਨਿਕ ਤਰੀਕੇ ਨਾਲ ਜਾਂਚ ਕੀਤੀ ਜਾਂਦੀ ਹੈ। ਇਸ ਮੌਕੇ ਔਰਤ ਰੋਗ ਮਾਹਿਰ ਡਾ. ਹਰਬੀਰ ਨੇ ਦੱਸਿਆ ਕਿ ਸਰਵਾਈਕਲ ਕੈਂਸਰ ਦੇ ਮੁੱਖ ਲੱਛਣਾਂ ’ਚ ਮਾਹਵਾਰੀ ਤੋਂ ਇਲਾਵਾ ਅਚਾਨਕ ਖੂਨ ਆਉਣਾ, ਸਰੀਰਕ ਸਬੰਧਾਂ ਤੋਂ ਬਾਅਦ ਖੂਨ ਆਉਣਾ, ਮਾਹਵਾਰੀ ਦਾ ਜ਼ਿਆਦਾ ਜਾਂ ਲੰਬੇ ਸਮੇਂ ਤਕ ਆਉਣਾ, ਬੇਹੱਦ ਕਮਜ਼ੋਰੀ ਜਾਂ ਥਕਾਵਟ ਮਹਿਸੂਸ ਹੋਣਾ ਤੇ ਬਿਨਾਂ ਕਾਰਨ ਵਜ਼ਨ ਘਟਣਾ ਸ਼ਾਮਲ ਹਨ। ਸੀਐੱਚਸੀ ਰਾਮਾਂ ਮੰਡੀ ਦੇ ਅਧੀਨ ਸ਼ਹਿਰੀ ਅਤੇ ਪਿੰਡਾਂ ਦੀਆਂ ਔਰਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 9 ਤੋਂ 11 ਮਾਰਚ ਤੱਕ ਸਿਵਲ ਹਸਪਤਾਲ ਰਾਮਾਂ ਵਿੱਚ ਲਗ ਰਹੇ ਇਸ ਮੁਫ਼ਤ ਸਕ੍ਰੀਨਿੰਗ ਕੈਂਪ ਵਿਚ ਆ ਕੇ ਆਪਣੀ ਜਾਂਚ ਜ਼ਰੂਰ ਕਰਵਾਉਣ ਤੇ ਇਸ ਗੰਭੀਰ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਬਣਨ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ “ਹੱਕ, ਇਨਸਾਫ ਅਤੇ ਐਕਸ਼ਨ” ਦੇ ਥੀਮ ਨੂੰ ਸਾਰਥਕ ਬਣਾਉਣ ਲਈ ਇਸ ਸਬੰਧੀ ਸੀਐਚਸੀ ਰਾਮਾਂ ਮੰਡੀ ਵਿਖੇ ਸਟਾਫ ਦੀ ਇਕ ਅਹਿਮ ਮੀਟਿੰਗ ਵੀ ਕੀਤੀ ਗਈ। ਇਸ ਮੀਟਿੰਗ ਵਿਚ ਏਐਨਐਮ ਸ਼ਮਿੰਦਰਦੀਪ ਕੌਰ, ਅਮਨਦੀਪ ਕੌਰ, ਵੀਰਪਾਲ ਕੌਰ, ਐਮਪੀਐਚਡਬਲਿਊ ਵਕੀਲ ਸਿੰਘ ਅਤੇ ਆਸ਼ਾ ਵਰਕਰ ਰਾਜਿੰਦਰ ਕੌਰ, ਹਰਵਿੰਦਰ ਕੌਰ, ਪ੍ਰੀਤ ਕੌਰ, ਮਨਦੀਪ ਕੌਰ ਅਤੇ ਨੀਤੂ ਰਾਣੀ ਵਾਰਡ ਅਟੈਂਡੈਂਟ ਹਾਜ਼ਰ ਸਨ।