ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਵੱਲੋਂ ਰੋਸ ਧਰਨਾ ਭਲਕੇ
ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਵੱਲੋਂ ਸੂਬਾ ਪੱਧਰੀ ਰੋਸ ਧਰਨਾ ਤੇ ਮਾਰਚ 10 ਨੂੰ
Publish Date: Sun, 08 Mar 2026 04:51 PM (IST)
Updated Date: Mon, 09 Mar 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਏਡਿਡ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਵੱਲੋਂ 10 ਮਾਰਚ ਨੂੰ ਡੀਪੀਆਈ ਦਫਤਰ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਧਰਨਾ ਤੇ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਪੈਸ਼ਨਸ਼ਰ ਐਸ਼ੋ. ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ, ਮੈਨੇਜਮੈਂਟ ਐਸ਼ੋਸੀਏਸ਼ਨ ਦੇ ਸੂਬਾ ਪ੍ਰਧਾਨ ਐੱਸਐਸ ਚਾਵਲਾ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸੂਬੇ ਦੇ 1.75 ਲੱਖ ਵਿਦਿਆਰਥੀਆਂ ਨੂੰ ਪੜਾਉੇਣ ਵਾਲੇ ਅਧਿਆਪਕਾਂ ਨੂੰ ਮਈ 2025 ਤੋਂ ਤਨਖਾਹਾਂ ਦੀ ਗ੍ਰਾਂਟ ਜਾਰੀ ਨਹੀ ਹੋ ਸਕੀ। ਜਨਵਰੀ ਮਹੀਨੇ ਤੋਂ ਬਜਟ ਨਾ ਪੈਣ ਕਾਰਨ ਸੂਬੇ ਦੇ ਸੈਂਕੜੇ ਅਧਿਆਪਕ ਮਈ 2025 ਤੋਂ ਤਨਖਾਹਾਂ ਤੋਂ ਵਾਂਝੇ ਹਨ। ਫਰਵਰੀ-ਮਾਰਚ ਦੀ ਤਨਖਾਹ ਗ੍ਰਾਂਟ ਜਾਰੀ ਕਰਨ ਲਈ ਵਿਸ਼ੇਸ਼ ਆਡਿਟ ਪੈਰ੍ਹੇ ਤੁਰੰਤ ਕਲੀਅਰ ਕਰਵਾਉਣ ਲਈ ਨਾਦਰਸ਼ਾਹੀ ਹੁਕਮ ਜਾਰੀ ਕੀਤੇ ਗਏ ਹਨ। ਜਿਸ ਕਰਕੇ ਹੁਣ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਜਲਦ ਤਨਖਾਹ ਨਾ ਮਿਲਣ ਦੇ ਆਸਾਰ ਹਨ। ਇਸ ਦੇ ਨਾਲ, 1 ਜਨਵਰੀ 2016 ਤੋਂ ਬਾਅਦ ਦੇ ਸੇਵਾ ਮੁਕਤ ਪੈਨਸ਼ਨਰਾਂ ਦੇ ਰਿਵਾਈਜ਼ਡ ਪੀਪੀਓ ਆਰਡਰ ‘ਪਿੱਕ ਐਂਡ ਚੂਜ਼’ ਨੀਤੀ ਤਹਿਤ ਜਾਰੀ ਨਹੀਂ ਕੀਤੇ ਜਾ ਰਹੇ। ਯੂਨੀਅਨ ਆਗੂਆਂ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਏਡਿਡ ਸਕੂਲਾਂ ਦੇ ਅਧਿਆਪਕ ਅਤੇ ਪੈਨਸ਼ਨਰਜ਼ ਮਾੜੇ ਦੌਰ ਤੋਂ ਗੁਜ਼ਰ ਰਹੇ ਹਨ। ਕਈ ਏਡਿਡ ਸਕੂਲ ਅਸਾਮੀਆਂ ਖਾਲੀ ਹੋਣ ਕਾਰਨ ਬੰਦ ਹੋ ਰਹੇ ਹਨ। ਉਕਤ ਮੰਗਾਂ ਨੂੰ ਲੈ ਕੇ ਸਾਰੇ ਏਡਿਡ ਸਟਾਫ, ਪੈਨਸ਼ਨਰ ਅਤੇ ਮੈਨੇਜਮੈਂਟ 10 ਮਾਰਚ ਨੂੰ ਡੀਪੀਆਈ (ਸੈ) ਮੁਹਾਲੀ ਦੇ ਦਫਤਰ ਸਾਹਮਣੇ ਧਰਨਾ ਲਾਉਣਗੇ ਅਤੇ ਜ਼ਰੂਰਤ ਪੈਣ ‘ਤੇ ਵਿਧਾਨ ਸਭਾ ਵੱਲ ਮਾਰਚ ਵੀ ਕੀਤਾ ਜਾਵੇਗਾ। ਇਸ ਮੌਕੇ ਐਬਿਟ ਮਸੀਹ ਜਲੰਧਰ, ਅਸ਼ੋਕ ਵਡੇਹਰਾ ਫਿਰੋਜ਼ਪੁਰ, ਜਗਜੀਤ ਸਿੰਘ ਅੰਮ੍ਰਿਤਸਰ, ਹਰਦੀਪ ਸਿੰਘ ਰੂਪਨਗਰ,ਸੁਖਇੰਦਰ ਸਿੰਘ ਹੁਸ਼ਿਆਰਪੁਰ, ਡਾ, ਗੁਰਮੀਤ ਸਿੰਘ ਨਵਾਂਸ਼ਹਿਰ,ਪਰਮਜੀਤ ਸਿੰਘ ਗੁਰਦਾਸਪੁਰ, ਰਣਜੀਤ ਸਿੰਘ ਅਨੰਦਪੁਰ ਸਾਹਿਬ, ਅਸ਼ਵਨੀ ਮਦਾਨ ਪਟਿਆਲਾ,ਚਰਨਜੀਤ ਸ਼ਰਮਾ, ਐਨਐਨ.ਸੈਣੀ, ਕੇਕੇ.ਜੋਸ਼ੀ,ਡਾ.ਜਸਵੀਰ ਸਿੰਘ ,ਦਲਜੀਤ ਸਿੰਘ ਤੇ ਯਾਦਵਿੰਦਰ ਕੁਮਾਰ ਆਦਿ ਸ਼ਾਮਲ ਸਨ।