ਟ੍ਰੇਨ ’ਚ ਨੌਜਵਾਨ ਨਾਲ ਲੁੱਟ-ਖੋਹ, ਦੋ ਨਾਮਜ਼ਦ
ਦਿੱਲੀ–ਫਾਜ਼ਿਲਕਾ ਇੰਟਰਸਿਟੀ ਟ੍ਰੇਨ ਵਿਚ ਨੌਜਵਾਨ ਨਾਲ ਲੁੱਟਖੋਹ, ਦੋ ਨਾਮਜ਼ਦ ਸਮੇਤ ਚਾਰ ਖ਼ਿਲਾਫ਼ ਕੇਸ ਦਰਜ
Publish Date: Sun, 08 Mar 2026 04:49 PM (IST)
Updated Date: Mon, 09 Mar 2026 04:13 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਦਿੱਲੀ ਫਾਜ਼ਿਲਕਾ ਇੰਟਰਸਿਟੀ ਟ੍ਰੇਨ ’ਚ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਲੁੱਟਖੋਹ ਕਰਨ ਦੇ ਮਾਮਲੇ ਵਿਚ ਥਾਣਾ ਜੀਆਰਪੀ ਪੁਲਿਸ ਨੇ ਦੋ ਨਾਮਜ਼ਦ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਰਾਜਵਿੰਦਰ ਸਿੰਘ ਉਰਫ਼ ਰਾਜਵੀਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ 2 ਮਾਰਚ ਨੂੰ ਉਹ ਰਾਜਪੁਰਾ ਤੋਂ ਮੁਕਤਸਰ ਜਾਣ ਲਈ ਉਕਤ ਟ੍ਰੇਨ ਵਿਚ ਸਵਾਰ ਹੋਇਆ ਸੀ। ਜਦੋਂ ਟ੍ਰੇਨ ਗੋਨਿਆਣਾ ਰੇਲਵੇ ਸਟੇਸ਼ਨ ਨੇੜੇ ਪਹੁੰਚੀ ਤਾਂ ਚਾਰ ਨੌਜਵਾਨ ਉਸ ਦੇ ਡੱਬੇ ਵਿਚ ਚੜ੍ਹ ਆਏ। ਇਸ ਦੌਰਾਨ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ 1500 ਰੁਪਏ ਨਕਦ ਅਤੇ ਮੋਬਾਈਲ ਫੋਨ ਖੋਹ ਲਿਆ। ਪੀੜਤ ਦੇ ਮੁਤਾਬਕ ਦੋਸ਼ੀਆਂ ਨੇ ਉਸ ਤੋਂ ਜਬਰਦਸਤੀ ਉਸ ਦੇ ਖਾਤੇ ਵਿੱਚੋਂ ਗੂਗਲ ਪੇ ਰਾਹੀਂ 500 ਰੁਪਏ ਵੀ ਟ੍ਰਾਂਸਫਰ ਕਰਵਾ ਲਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਜੈਤੋ ਰੇਲਵੇ ਸਟੇਸ਼ਨ‘ਤੇ ਉਤਰ ਕੇ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿਚ ਸੁਖਬੀਰ ਸਿੰਘ ਅਤੇ ਰਵਿੰਦਰ ਸਿੰਘ ਵਾਸੀ ਪਿੰਡ ਕੋਟਲੀ ਅਬਲੂ ਨੂੰ ਨਾਮਜ਼ਦ ਕੀਤਾ ਹੈ, ਜਦਕਿ ਦੋ ਹੋਰ ਦੋਸ਼ੀਆਂ ਦੀ ਪਹਿਚਾਣ ਹਾਲੇ ਨਹੀਂ ਹੋ ਸਕੀ। ਥਾਣਾ ਜੀਆਰਪੀ ਦੇ ਏਐਸਆਈ ਜਸਵਿੰਦਰ ਸਿੰਘ ਮੁਤਾਬਕ ਦੋ ਨਾਮਜ਼ਦ ਅਤੇ ਦੋ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।