- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਯੂ ਪੰਜਾਬ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਦੀ ਖੋਜ ਨੂੰ ਵਿਸ਼ਵ ਪੱਧਰੀ ਮਾਣ ਮਿਲਿਆ

-ਆਈਏਆਰਸੀ–ਡਬਲਯੂਐੱਚਓ ਕਾਨਫਰੰਸ ’ਚ ਪੇਸ਼ਕਾਰੀ ਲਈ ਪ੍ਰਵਾਨਗੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਮਾਜਿਕ ਵਿਗਿਆਨ ਦੇ ਖੇਤਰ ਵਿੱਚ ਇਕ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਦੇ ਖੋਜ ਕਾਰਜ ਨੂੰ ਵਿਸ਼ਵ ਸਿਹਤ ਸੰਸਥਾ ਦੀ ਵਿਸ਼ੇਸ਼ ਕੈਂਸਰ ਏਜੰਸੀ ਇੰਟਰਨੈਸ਼ਨਲ ਏਜੰਸੀ ਫ਼ਾਰ ਰਿਸਰਚ ਆਨ ਕੈਂਸਰ ਵੱਲੋਂ ਅਧਿਕਾਰਿਕ ਤੌਰ ‘ਤੇ ਸਵੀਕਾਰ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਤੇ ਮੀਡੀਆ ਅਧਿਐਨ ਵਿਭਾਗ ਦੀ ਇੰਟਰਵੇਂਸ਼ਨਜ਼ ਡਿਜ਼ਾਇਨ ਐਂਡ ਇਫੈਕਟਸ ਲੈਬ ਵਿੱਚ ਤਿਆਰ ਕੀਤੀ ਗਈ ਖੋਜ “ਡਿਜਿਟਲ ਯੁੱਗ ਵਿੱਚ ਕੈਂਸਰ ਸੰਬੰਧੀ ਗਲਤ ਜਾਣਕਾਰੀ: ਖੋਜ ਰੁਝਾਨਾਂ ਅਤੇ ਮੁੱਖ ਵਿਸ਼ਿਆਂ ਦਾ ਵਿਸ਼ਵ ਪੱਧਰੀ ਵਿਸ਼ਲੇਸ਼ਣ” ਨੂੰ ਫਰਾਂਸ ਦੇ ਸ਼ਹਿਰ ਲਿਓਂ ਵਿੱਚ ਆਯੋਜਿਤ ਹੋਣ ਵਾਲੇ ਪ੍ਰਸਿੱਧ ਆਈਏਆਰਸੀ@60 ਕਾਨਫਰੰਸ ਵਿੱਚ ਪੇਸ਼ਕਾਰੀ ਲਈ ਚੁਣਿਆ ਗਿਆ ਹੈ। ਇਹ ਉਪਲਬਧੀ ਯੂਨੀਵਰਸਿਟੀ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਇਹ ਦਰਸਾਉਂਦੀ ਹੈ ਕਿ ਸੀਯੂ ਪੰਜਾਬ ਵਿਸ਼ਵ ਪੱਧਰ ‘ਤੇ ਜਨ ਸਿਹਤ ਸੰਚਾਰ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਔਖੇ ਵਿਗਿਆਨਕ ਮੁੱਲਾਂਕਣ ਪ੍ਰਕਿਰਿਆ ਵਿੱਚ ਸਫਲਤਾ: ਇਸ ਖੋਜ ਦੀ ਮਨਜ਼ੂਰੀ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਇਸ ਨੂੰ ਵਿਗਿਆਨਕ ਸਹਿਮਤੀ ਸਮੀਖਿਆ ਦੀ ਕੜੀ ਪ੍ਰਕਿਰਿਆ ’ਚੋਂ ਲੰਘਣਾ ਪੈਂਦਾ ਹੈ, ਜਿਸਨੂੰ ਵਿਸ਼ਵ ਪੱਧਰੀ ਅਕਾਦਮਿਕ ਜਗਤ ਵਿੱਚ ਸਭ ਤੋਂ ਕਠਿਨ ਮੁਲਾਂਕਣ ਪ੍ਰਕਿਰਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰਵਾਇਤੀ ਸਹਿ-ਸਮੀਖਿਆ ਤੋਂ ਇਲਾਵਾ, ਇਸ ਪ੍ਰਕਿਰਿਆ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਕੈਂਸਰ ਮਾਹਰਾਂ, ਮਹਾਂਮਾਰੀ ਵਿਗਿਆਨੀ ਅਤੇ ਹੋਰ ਵਿਗਿਆਨੀ ਖੋਜ ਦੀ ਪੱਧਤੀ, ਅੰਕੜਿਆਂ ਦੀ ਭਰੋਸੇਯੋਗਤਾ ਅਤੇ ਨੀਤੀਗਤ ਮਹੱਤਤਾ ‘ਤੇ ਸਾਂਝੀ ਸਹਿਮਤੀ ਬਣਾਉਂਦੇ ਹਨ। ਇੰਟਰਵੇਂਸ਼ਨਜ਼ ਡਿਜ਼ਾਇਨ ਐਂਡ ਇਫੈਕਟਸ ਲੈਬ ਦੀ ਟੀਮ ਨੇ ਇਸ ਨੂੰ ਸਫਲਤਾਪੂਰਵਕ ਪਾਰ ਕਰਦੇ ਹੋਏ ਇਹ ਸਾਬਤ ਕੀਤਾ ਹੈ ਕਿ ਕੈਂਸਰ ਨਾਲ ਸਬੰਧਤ ਗਲਤ ਜਾਣਕਾਰੀਆਂ ਨਾਲ ਨਜਿੱਠਣ ਲਈ ਉਨ੍ਹਾਂ ਦਾ ਅੰਤਰ ਵਿਭਾਗੀ ਦ੍ਰਿਸ਼ਟੀਕੋਣ ਵਿਸ਼ਵ ਮਾਪਦੰਡਾਂ ’ਤੇ ਖਰਾ ਉਤਰਦਾ ਹੈ। ਇਹ ਉਪਲਬਧੀ ਯੂਨੀਵਰਸਿਟੀ ਦੀ “ਪੁਨਰ ਜਾਗਰੂਕ ਪੰਜਾਬ ਲਈ ਖੋਜ” ਦੀ ਧਾਰਣਾ ਨੂੰ ਵੀ ਮਜ਼ਬੂਤ ਕਰਦੀ ਹੈ, ਜੋ ਜਨਸੰਚਾਰ ਤੇ ਜਨ ਸਿਹਤ ਦੇ ਵਿਚਕਾਰ ਇੱਕ ਪ੍ਰਭਾਵਸ਼ਾਲੀ ਪੁਲ ਦਾ ਕੰਮ ਕਰ ਰਹੀ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਸੀਯੂ ਪੰਜਾਬ ਨੇ ਵਿਸ਼ਵ ਪੱਧਰੀ ਖੋਜ ਨੂੰ ਪ੍ਰੋਤਸਾਹਿਤ ਕਰਨ ਵੱਲ ਮਹੱਤਵਪੂਰਨ ਕਦਮ ਚੁੱਕੇ ਹਨ। ਪ੍ਰੋ. ਤਿਵਾਰੀ ਨੇ ਕਿਹਾ, “ਇਹ ਉਪਲਬਧੀ ਸਾਡੇ ਖੋਜ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦੀ ਹੈ।”ਇਹ ਪ੍ਰੋਜੈਕਟ ਮਾਸ ਕਮਿਊਨੀਕੇਸ਼ਨ ਅਤੇ ਮੀਡੀਆ ਅਧਿਐਨ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਅਤੇ ਵਿਭਾਗ ਮੁਖੀ ਡਾ. ਰੂਬਲ ਕਨੋਜ਼ੀਆ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੇ ਮਾਰਗਦਰਸ਼ਨ ਹੇਠ ਇੰਟਰਵੇਂਸ਼ਨਜ਼ ਡਿਜ਼ਾਇਨ ਐਂਡ ਇਫੈਕਟਸ ਲੈਬ ਕੈਂਸਰ ਨਾਲ ਸਬੰਧਤ ਗਲਤ ਜਾਣਕਾਰੀਆਂ ਦੇ ਖਿਲਾਫ਼ ਸਬੂਤ-ਅਧਾਰਿਤ ਹਸਤਖੇਪ ਵਿਕਸਿਤ ਕਰਨ ਦੇ ਉਦੇਸ਼ ਨਾਲ ਖੋਜ ਕਰ ਰਹੀ ਹੈ। ਇਸ ਖੋਜ ਵਿਚ ਮੁੱਖ ਯੋਗਦਾਨ ਪੀਐਚਡੀ ਖੋਜਾਰਥੀ ਨਮਨ ਦਾ ਹੈ, ਜਿਨ੍ਹਾਂ ਦੀ ਕੈਂਸਰ ਸਬੰਧੀ ਗਲਤ ਜਾਣਕਾਰੀ ‘ਤੇ ਚੱਲ ਰਹੀ ਖੋਜ ਨੂੰ ਹੁਣ ਵਿਸ਼ਵ ਦੇ ਸਿਖਰਲੇ ਵਿਗਿਆਨੀਆਂ ਵੱਲੋਂ ਪਰਖ ਕੇ ਸਵੀਕਾਰਿਆ ਗਿਆ ਹੈ। ਉਨ੍ਹਾਂ ਦੇ ਨਾਲ ਖੋਜਾਰਥੀ ਰਿਤੂ ਆਰਿਆ ਨੇ ਵੀ ਇਸ ਅਧਿਐਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੁਆਰਾ ਕੀਤਾ ਗਿਆ ਵਿਸ਼ਲੇਸ਼ਣ ਅੰਤਰਰਾਸ਼ਟਰੀ ਸਿਹਤ ਏਜੰਸੀਆਂ ਲਈ ਇੱਕ ਉਪਯੋਗੀ ਸਾਧਨ ਵਜੋਂ ਮੰਨਿਆ ਗਿਆ ਹੈ। ਇਸ ਉਪਲੱਬਧੀ ਵਿੱਚ ਲੈਬ ਦੇ ਹੋਰ ਮੈਂਬਰ ਰੋਬਿਨ ਜਿੰਦਲ, ਰਾਗੇਂਦੁ ਆਰ ਅਤੇ ਰਕਤਿਮਾ ਗੁਪਤਾ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਨ੍ਹਾਂ ਦੇ ਸਹਿਯੋਗ ਅਤੇ ਸਮਨਵਯ ਨੇ ਇਸ ਖੋਜ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।