ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੇ 12 ਲੱਖ, ਪਤੀ-ਪਤਨੀ ਖ਼ਿਲਾਫ਼ ਕੇਸ
ਨਕਲੀ ਵੀਜ਼ਾ ਤੇ ਟਿਕਟ ਦੇ ਕੇ 12 ਲੱਖ ਦੀ ਠੱਗੀ ਮਾਰੀ, ਪਤੀ ਪਤਨੀ ਖ਼ਿਲਾਫ਼ ਮਾਮਲਾ ਦਰਜ
Publish Date: Sun, 08 Mar 2026 04:35 PM (IST)
Updated Date: Mon, 09 Mar 2026 04:15 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਦੇਸ਼ ਭੇਜਣ ਦੇ ਨਾਮ ‘ਤੇ ਇਕ ਨੌਜਵਾਨ ਨਾਲ 12 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਫੂਲ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਜਲਾਲਾਬਾਦ ਦੇ ਰਹਿਣ ਵਾਲੇ ਇਕ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਕਾਕਾ ਸਿੰਘ ਵਾਸੀ ਪਿੰਡ ਢਿਪਾਲੀ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਲਈ ਲਵਪ੍ਰੀਤ ਸਿੰਘ ਤੇ ਉਸ ਦੀ ਪਤਨੀ ਸੁਖਪਾਲ ਕੌਰ ਨਾਲ ਸੰਪਰਕ ’ਚ ਆਇਆ ਸੀ, ਜੋ ਕਿ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਦੋਸ਼ੀ ਪਤੀ ਪਤਨੀ ਨੇ ਉਸ ਨੂੰ ਵੀਜ਼ਾ ਲਗਵਾਉਣ ਤੇ ਟਿਕਟ ਦਾ ਖਰਚਾ ਦੱਸ ਕੇ ਲਗਭਗ 12 ਲੱਖ ਰੁਪਏ ਲੈ ਲਏ ਤੇ ਬਾਅਦ ਵਿਚ ਉਸ ਨੂੰ ਵੀਜ਼ਾ ਤੇ ਹਵਾਈ ਟਿਕਟ ਸੌਂਪ ਦਿੱਤੀ। ਜਦੋਂ ਪੀੜਤ ਨੇ ਆਪਣਾ ਵੀਜ਼ਾ ਅਤੇ ਟਿਕਟ ਚੈੱਕ ਕਰਵਾਈ ਤਾਂ ਉਹ ਨਕਲੀ ਸੀ। ਇਸ ਤੋਂ ਬਾਅਦ ਉਸ ਨੇ ਦੋਸ਼ੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਸਕਿਆ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।