ਜਾਨਵਰਾਂ ਦੇ ਕੱਟਣ ਸਬੰਧੀ ਜਾਗਰੂਕਤਾ ਵਿਸ਼ੇ ’ਤੇ ਭਾਸ਼ਣ
ਐਮਆਰਐਸਪੀਟੀਯੂ ਵਿਖੇ ਜਾਨਵਰਾਂ ਦੇ ਕੱਟਣ ਸਬੰਧੀ ਜਾਗਰੂਕਤਾ ਉੱਤੇ ਵਿਸ਼ੇਸ਼ ਲੈਕਚਰ ..
Publish Date: Sat, 07 Mar 2026 07:43 PM (IST)
Updated Date: Sun, 08 Mar 2026 04:16 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ), ਬਠਿੰਡਾ ਵਿੱਚ “ਜਾਨਵਰਾਂ ਦੇ ਕੱਟਣ ਬਾਰੇ ਜਾਗਰੂਕਤਾ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਹ ਪ੍ਰੋਗਰਾਮ ਐਨਐੱਸਐੱਸ ਵਿੰਗ ਐਮਆਰਐਸਪੀਟੀਯੂ ਅਤੇ ਰੈੱਡ ਕਰਾਸ ਬਠਿੰਡਾ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਨੂੰ ਜਾਨਵਰਾਂ ਦੇ ਕੱਟਣ ਤੋਂ ਬਚਾਅ, ਮੁੱਢਲੀ ਸਹਾਇਤਾ ਅਤੇ ਸਮੇਂ-ਸਿਰ ਇਲਾਜ ਬਾਰੇ ਜਾਗਰੂਕ ਕਰਨਾ ਸੀ। ਇਹ ਪ੍ਰੋਗਰਾਮ ਆਲ ਇੰਡੀਆ ਕੌਂਸਿਲ ਫਾਰ ਟੈਕਨੀਕਲ ਐਜੂਕੇਸ਼ਨ(ਏਆਈਸੀਟੀਈ.) ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਸੁਪਰੀਮ ਕੋਰਟ ਦੇ 07.11.2025 ਦੇ ਆਦੇਸ਼ ਅਨੁਸਾਰ ਸ਼ਿੱਖਿਆ ਸੰਸਥਾਵਾਂ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ। ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਜਾਨਵਰਾਂ ਦੇ ਕੱਟਣ ਨਾਲ ਜੁੜੇ ਖਤਰਿਆਂ, ਖਾਸ ਕਰਕੇ ਕੁੱਤੇ ਦੇ ਕੱਟਣ ਅਤੇ ਸੱਪ ਦੇ ਡੱਸਣ ਬਾਰੇ ਜਾਣਕਾਰੀ ਦੇਣਾ ਸੀ। ਮਾਹਿਰਾਂ ਨੇ ਰੇਬੀਜ਼ ਵਰਗੀਆਂ ਘਾਤਕ ਬਿਮਾਰੀਆਂ ਅਤੇ ਜ਼ਹਿਰੀਲੇ ਸੱਪ ਦੇ ਡੱਸਣ ਨਾਲ ਹੋ ਸਕਣ ਵਾਲੀਆਂ ਗੰਭੀਰ ਜਟਿਲਤਾਵਾਂ ਤੋਂ ਬਚਾਅ ਲਈ ਤੁਰੰਤ ਚਿਕਿਤਸਾ ਸਹਾਇਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਾਨਵਰਾਂ ਦੇ ਕੱਟਣ ਸਬੰਧੀ ਫੈਲੀਆਂ ਗਲਤਫਹਿਮੀਆਂ ਨੂੰ ਦੂਰ ਕਰਦੇ ਹੋਏ ਜਖਮਾਂ ਨੂੰ ਤੁਰੰਤ ਧੋਣ, ਐਂਟੀ-ਰੇਬੀਜ਼ ਟੀਕਾਕਰਨ ਅਤੇ ਸੱਪ ਦੇ ਡੱਸਣ ਦੀ ਸਥਿਤੀ ਵਿੱਚ ਤੁਰੰਤ ਹਸਪਤਾਲ ਪਹੁੰਚਣ ਬਾਰੇ ਸਲਾਹ ਦਿੱਤੀ। ਲੈਕਚਰ ਦੌਰਾਨ ਬਚਾਅ ਦੇ ਉਪਾਅ ਵੀ ਦੱਸੇ ਗਏ, ਜਿਵੇਂ ਕਿ ਆਵਾਰਾ ਜਾਨਵਰਾਂ ਨੂੰ ਉਕਸਾਉਣ ਤੋਂ ਬਚਣਾ, ਅਣਜਾਣ ਜਾਨਵਰਾਂ ਤੋਂ ਦੂਰੀ ਬਣਾਈ ਰੱਖਣਾ, ਸੱਪ ਪ੍ਰਭਾਵਿਤ ਖੇਤਰਾਂ ਵਿੱਚ ਸਾਵਧਾਨੀ ਵਰਤਣਾ ਅਤੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਉਣਾ। ਭਾਗੀਦਾਰਾਂ ਨੂੰ ਐਂਟੀ-ਰੇਬੀਜ਼ ਵੈਕਸੀਨ ਅਤੇ ਐਂਟੀ-ਸਨੇਕ ਵੈਨਮ ਦੇ ਉਪਲਬਧ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਐਨਐੱਸਐੱਸ. ਵਲੰਟੀਅਰਾਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇੰਟਰਐਕਟਿਵ ਸੈਸ਼ਨ ਦੌਰਾਨ ਭਾਗੀਦਾਰਾਂ ਨੇ ਆਪਣੇ ਸੰਦੇਹ ਦੂਰ ਕੀਤੇ ਅਤੇ ਸਿਹਤ ਤੇ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ।