ਬੋਰਡ ਪ੍ਰੀਖਿਆ ਦੇ ਪੇਪਰ ਮਾਰਕਿੰਗ ਸੈਂਟਰਾਂ ਦੀ ਡੀਈਓ ਵੱਲੋਂ ਚੈਕਿੰਗ
ਬੋਰਡ ਪ੍ਰੀਖਿਆ ਦੇ ਪੇਪਰ ਮਾਰਕਿੰਗ ਸੈਂਟਰਾਂ ਦੀ ਕੀਤੀ ਚੈਕਿੰਗ
Publish Date: Sat, 07 Mar 2026 07:24 PM (IST)
Updated Date: Sun, 08 Mar 2026 04:15 AM (IST)
ਹਰਿਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਕੂਲ ਸਿੱਖਿਆ ਬੋਰਡ, ਵੱਲੋਂ ਬੋਰਡ ਪ੍ਰੀਖਿਆਵਾਂ ਜਮਾਤ ਅੱਠਵੀਂ ਤੇ ਬਾਰ੍ਹਵੀਂ ਦੀ ਮਾਰਕਿੰਗ ਪੰਜਾਬ ਵਿੱਚ ਵੱਖ-ਵੱਖ ਮਾਰਕਿੰਗ ਸੈਂਟਰ ਬਣਾ ਕੇ ਸ਼ੁਰੂ ਕਰਵਾ ਦਿੱਤੀ ਗਈ ਹੈ। ਬਠਿੰਡਾ ਜ਼ਿਲ੍ਹਾ ਦੇ ਬਲਾਕ ਰਾਮਪੁਰਾ ਦੇ ਮਾਰਕਿੰਗ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਮੰਡੀ ਰਾਮਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਧੂਰਕੋਟ ਤੇ ਸਰਕਾਰੀ ਹਾਈ ਸਕੂਲ ਘਨ੍ਹੱਈਆ ਨਗਰ ਬਠਿੰਡਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਵੱਲੋਂ ਚੈੱਕ ਕੀਤੇ ਗਏ। ਇਸ ਮੌਕੇ ਉਨ੍ਹਾਂ ਵੱਲੋਂ ਵਿਸ਼ਾ ਅਧਿਆਪਕਾਂ ਜਿੰਨਾਂ ਦੀ ਡਿਊਟੀ ਬਤੌਰ ਪ੍ਰੀਖਿਅਕ ਲੱਗੀ ਹੈ, ਨਾਲ਼ ਪੇਪਰ ਮਾਰਕਿੰਗ ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਕੀਤਾ ਤੇ ਪੇਪਰਾਂ ਦਾ ਨਰੀਖਣ ਕੀਤਾ ਗਿਆ। ਵਿਸ਼ਾ ਅਧਿਆਪਕਾਂ ਵੱਲੋਂ ਚੈੱਕ ਕੀਤੇ ਗਏ ਪੇਪਰਾਂ ਨੂੰ ਰੀਚੈੱਕ ਕੀਤਾ ਗਿਆ। ਉਨ੍ਹਾਂ ਵੱਲੋਂ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ, ਪੇਪਰ ਮਾਰਕਿੰਗ ਸਬੰਧੀ ਨੁਕਤੇ ਸਾਂਝੇ ਕੀਤੇ ਗਏ ਤੇ ਅਧਿਆਪਕਾਂ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ਼ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਾਰੀ ਹਦਾਇਤਾਂ ਦੇ ਅਨੁਸਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਰੀਚੈੱਕ ਕੀਤੇ ਪੇਪਰਾਂ ਦੀ ਮਾਰਕਿੰਗ ਦਰੁਸਤ ਪਾਈ ਗਈ ਹੈ ਤੇ ਪੇਪਰ ਮਾਰਕਿੰਗ ਦਾ ਕੰਮ ਸੈਂਟਰ ਕੋਆਰਡੀਨੇਟਰਾਂ ਦੀ ਨਿਗਰਾਨੀ ਹੇਠ ਠੀਕ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਉਹਨਾਂ ਵੱਲੋਂ ਡਿਊਟੀ ਅਧਿਆਪਕਾਂ ਦੀ ਹਾਜ਼ਰੀ ਚੈੱਕ ਕੀਤੀ ਗਈ ਤੇ ਸਾਰੇ ਅਧਿਆਪਕ ਆਪੋ-ਆਪਣੀ ਡਿਊਟੀ ‘ਤੇ ਤਾਇਨਾਤ ਸਨ। ਅੰਤ ਵਿੱਚ ਉਨ੍ਹਾਂ ਵੱਲੋਂ ਮਾਰਕਿੰਗ ਸੈਂਟਰਾਂ ਦੇ ਪ੍ਰਬੰਧਾਂ ’ਤੇ ਚੱਲ ਰਹੀ ਮਾਰਕਿੰਗ ਪ੍ਰਕਿਰਿਆ ‘ਤੇ ਸੰਤੁਸ਼ਟੀ ਜ਼ਾਹਰ ਕੀਤੀ।