ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅਮਿਤ ਖੁੱਡੀਆ ਨੂੰ ਮੰਗ ਪੱਤਰ
ਪੰਜਾਬ ਸਟੂਡੈਂਟਸ ਯੂਨੀਅਨ ਨੇ ਅਮਿਤ ਖੁੱਡੀਆ ਨੂੰ ਦਿੱਤਾ ਮੰਗ ਪੱਤਰ
Publish Date: Sat, 07 Mar 2026 06:09 PM (IST)
Updated Date: Sun, 08 Mar 2026 04:12 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਐਥਲੈਟਿਕ ਮੀਟ ਮੌਕੇ ਆਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਅਮਿਤ ਖੁੱਡੀਆਂ ਨੂੰ ਵਿਦਿਆਰਥੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਇਲਾਕੇ ਦਾ ਵੱਡਾ ਕਾਲਜ਼ ਹੈ ਤੇ ਇਲਾਕੇ ਦੇ ਵੱਡੀ ਗਿਣਤੀ ਵਿਦਿਆਰਥੀ ਇਸ ਕਾਲਜ ਵਿਚ ਉੱਚ ਵਿੱਦਿਆ ਹਾਸਲ ਕਰਨ ਲਈ ਪੜਦੇ ਹਨ। ਪਰੰਤੂ ਕਾਲਜ ਵਿੱਚ ਅਧਿਆਪਨ ਤੇ ਗੈਰ ਅਧਿਆਪਨ ਦੀਆਂ ਖਾਲੀ ਅਸਾਮੀਆਂ ਤੇ ਇਸ ਤੋਂ ਇਲਾਵਾ ਹੋਰ ਲੋੜੀਂਦੇ ਸਾਜ਼ੋ-ਸਾਮਾਨ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਉਨ੍ਹਾਂ ਕਿਹਾ ਕਿ ਕਾਂਸਟੀਚੂਐਂਟ ਕਾਲਜਾਂ ਲਈ ਹਰ ਸਾਲ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ 1.5 ਕਰੋੜ ਦੀ ਗ੍ਰਾਂਟ ਕਾਲਜ ਦੇ ਵਿਕਾਸ ਲਈ ਖ੍ਰਚਣੀ ਯਕੀਨੀ ਬਣਾਉਣ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਪੱਤਰ ਜਾਰੀ ਕਰਕੇ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦਾ ਫੁਰਮਾਨ ਜਾਰੀ ਕੀਤਾ ਗਿਆ ਜਿਹੜਾ ਫੌਰੀ ਰੱਦ ਹੋਣਾ ਚਾਹੀਦਾ ਹੈ। ਵਿਦਿਆਰਥੀ ਮੰਗਾਂ ਸਬੰਧੀ ਅਮਿਤ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਦੁਆਰਾ ਇਹ ਮੰਗਾਂ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ। ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ, ਨਵਜੋਤ ਸਿੰਘ,ਹੈਪੀ ਸਿੰਘ, ਅਰਮਾਨ ਸਿੰਘ ਤੇ ਸੁਪਨਦੀਪ ਕੌਰ ਆਦਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।