ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੀਟਿੰਗ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਤਲਵੰਡੀ ਦੀ ਮੀਟਿੰਗ ਹੋਈ
Publish Date: Sat, 07 Mar 2026 06:05 PM (IST)
Updated Date: Sun, 08 Mar 2026 04:12 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਅੱਜ ਇੱਥੇ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਤਲਵੰਡੀ ਦੀ ਮੀਟਿੰਗ ਬਲਵੀਰ ਕੌਰ ਲਹਿਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਹਰਗੋਬਿੰਦ ਕੌਰ ਸੂਬਾ ਪ੍ਰਧਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਵਰਕਰਾਂ ਤੇ ਹੈਲਪਰਾਂ ਨੂੰ ਕਿਹਾ ਕਿ ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਆਂਗਨਵਾੜੀ ਵਰਕਰਾਂ ਹੈਲਪਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ। ਇਸ ਸਰਕਾਰ ਨੇ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਕਦੇ ਵੀ ਸਮੇਂ ਸਿਰ ਮਾਣ ਭੱਤਾ ਨਹੀਂ ਦਿੱਤਾ। ਕਦੇ ਛੇ ਮਹੀਨੇ ਬਾਅਦ ਕਦੇ ਅੱਠ ਮਹੀਨੇ ਬਾਅਦ ਮਾਣ ਭੱਤਾ ਦਿੰਦੇ ਹਨ, ਉਹ ਵੀ ਅੱਧਾ। ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਸਮਾਰਟ ਫੋਨ ਅੱਜ ਤਕ ਨਹੀਂ ਦਿੱਤੇ ਗਏ। ਸਰਕਾਰ ਨੇ ਆਪਣੀ ਕਮਿਸ਼ਨ ਖੋਰੀ ਦੇ ਚੱਕਰ ਦੇ ਵਿੱਚ ਅੱਜ ਤਕ ਸਮਾਰਟ ਫੋਨ ਨਹੀਂ ਖਰੀਦੇ। ਆਂਗਨਵਾੜੀ ਕੇਂਦਰਾਂ ਦੇ ਵਿਚ ਆਉਣ ਵਾਲਾ ਖਾਣਾ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਗਿਆ ਹੈ, ਜਿਸ ਦੀ ਕੁਆਲਿਟੀ ਬੇਹੱਦ ਘਟੀਆ ਹੈ। ਗੰਦੇ ਚੌਲ ਅਤੇ ਕਣਕ ਦਲ ਕੇ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਇਹ ਬੱਚਿਆਂ ਦੀ ਸਿਹਤ ਨਾਲ ਖਿਲਵਾੜ੍ਹ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਆਂਗਨਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ। ਵਾਅਦੇ ਦੇ ਹਿਸਾਬ ਨਾਲ ਇਹ ਆਂਗਨਵਾੜੀ ਵਰਕਰ ਦਾ ਮਾਣ ਭੱਤਾ 24000, ਹੈਲਪਰ ਦਾ 13 ਹਜ਼ਾਰ ਰੁਪਏ ਦੇਣਾ ਬਣਦਾ ਹੈ। ਪ੍ਰੰਤੂ ਸਰਕਾਰ ਨੇ ਮਾਣ ਭੱਤਾ ਦੁਗਣਾ ਕੀ ਕਰਨਾ ਸੀ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਮਿਲਦੀਆਂ ਸੁਵਿਧਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਸੱਦਾ ਦਿੱਤਾ ਕਿ ਉਹ ਤਕੜੇ ਹੋ ਕੇ ਇਸ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਅਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਕਰਵਾਉਣ ਲਈ ਅੱਗੇ ਆਉਣ। ਇਸ ਸਮੇਂ ਜਸਵਿੰਦਰ ਕੌਰ ਤਲਵੰਡੀ ਸਾਬੋ, ਸੁਰਜੀਤ ਕੌਰ ਬੰਗੀ, ਸਿਮਰਜੀਤ ਕੌਰ,ਰਣਜੀਤ ਕੌਰ ਰਾਮਾ ਮੰਡੀ,ਇੰਦਰਜੀਤ ਕੌਰ, ਰਮਨਜੀਤ ਕੌਰ, ਬਲਵਿੰਦਰ ਕੌਰ ਜਜੱਲ, ਮੂਰਤੀ ਕੌਰ ਹਾਜ਼ਰ ਸਨ।