ਸਕੂਲਾਂ ’ਚ ਸਾਂਝੀ ਸਿੱਖਿਆ ਟੀਮ ਵੱਲੋਂ ਬੂਟਾ-ਲਗਾਓ ਮੁਹਿੰਮ ਸ਼ੁਰੂ
ਮਹਿਰਾਜ ਕਲਸਟਰ ਦੇ ਸਕੂਲਾਂ ਵਿੱਚ ਸਾਂਝੀ ਸਿੱਖਿਆ ਟੀਮ ਵੱਲੋਂ ਪੌਦਾ-ਲਾਉਣ ਮੁਹਿੰਮ ਸ਼ੁਰੂ
Publish Date: Sat, 07 Mar 2026 05:31 PM (IST)
Updated Date: Sun, 08 Mar 2026 04:09 AM (IST)

ਜਸਪਾਲ ਪਾਲੀ, ਪੰਜਾਬੀ ਜਾਗਰਣ. ਮਹਿਰਾਜ : ਸਾਂਝੀ ਸਿੱਖਿਆ ਟੀਮ ਵੱਲੋਂ ਐਸਐਮਸੀ ਮੈਂਬਰ ਨਾਜ਼ਰ ਸਿੰਘ ਨਾਫ਼ਰੀਆ,ਪੰਮਾ ਐਮਸੀ ਦੇ ਸਹਿਯੋਗ ਨਾਲ ਮਹਿਰਾਜ ਕਲਸਟਰ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਕਾਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਸੋਲ ਵਿੱਚ ਪੌਦਾ-ਲਾਉਣ ਮੁਹਿੰਮ ਉਤਸ਼ਾਹ ਅਤੇ ਜਜ਼ਬੇ ਨਾਲ ਆਯੋਜਿਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਕੂਲਾਂ ਦੇ ਪਰਿਸਰ ਨੂੰ ਹਰਾ-ਭਰਾ ਬਣਾਉਣਾ ਅਤੇ ਵਿਦਿਆਰਥੀਆਂ ਵਿੱਚ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਵੀ ਲਿਆ। ਪ੍ਰੋਗਰਾਮ ਦੌਰਾਨ ਹਲਕਾ ਸਿੱਖਿਆ ਕੋਆਰਡੀਨੇਟਰ ਹਰਪ੍ਰੀਤ ਹੈਪੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰੁੱਖ ਲਗਾਉਣ ਨਾਲ ਨਾ ਸਿਰਫ਼ ਸਕੂਲਾਂ ਦਾ ਵਾਤਾਵਰਣ ਸੁੰਦਰ ਅਤੇ ਸੁਚੱਜਾ ਬਣੇਗਾ, ਸਗੋਂ ਬੱਚਿਆਂ ਵਿੱਚ ਕੁਦਰਤ ਪ੍ਰਤੀ ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਵਿਕਸਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿੱਖਿਆ ਦੇ ਨਾਲ-ਨਾਲ ਵਾਤਾਵਰਣ ਸੰਭਾਲ ਵੱਲ ਵੀ ਇਕ ਮਹੱਤਵਪੂਰਨ ਕਦਮ ਹਨ। ਉਨ੍ਹਾਂ ਇਸ ਮੌਕੇ ਸੂਬਾ ਸਰਕਾਰ ਅਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਸਕੂਲਾਂ ਵਿੱਚ ਕਰਵਾਏ ਜਾ ਰਹੇ ਵਿਕਾਸੀ ਕੰਮਾਂ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਦੱਸਿਆ ਕਿ ਹਲਕੇ ਦੇ ਸਕੂਲਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਆਂ ਸਾਇੰਸ ਲੈਬਾਂ, ਆਧੁਨਿਕ ਇਮਾਰਤਾਂ, ਨਵਾਂ ਫਰਨੀਚਰ, ਡਿਜ਼ੀਟਲ ਬੋਰਡ, ਕੰਪਿਊਟਰ ਪੈਨਲ ਅਤੇ ਸਕੂਲਾਂ ਦੀ ਸੁਰੱਖਿਆ ਲਈ ਵੱਡੇ ਪੱਧਰ ‘ਤੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਕਿਸੇ ਵੀ ਸਕੂਲ ਵਿੱਚ ਸਹੂਲਤਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਸਮਾਰੋਹ ਦੀ ਅਗਵਾਈ ਸਕੂਲ ਦੇ ਸੀਐਚਟੀ. ਯਮਨਦੀਪ ਸ਼ਰਮਾ ਨੇ ਕੀਤੀ, ਜਿਨ੍ਹਾਂ ਨੇ ਪੂਰੀ ਲਗਨ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਦਿੱਤਾ। ਸਾਂਝੀ ਸਿੱਖਿਆ ਟੀਮ ਦੇ ਮੈਂਬਰ ਜਗਤਾਰ ਸਿੰਘ ਅਤੇ ਗੁਰਪ੍ਰੀਤ ਕੰਬੋਜ ਨੇ ਵੀ ਪ੍ਰੋਗਰਾਮ ਦੇ ਸੁਚਾਰੂ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਸੋਲ ਦੀ ਮੁੱਖ ਅਧਿਆਪਿਕਾ ਸੁਖਮੰਦਰ ਕੌਰ, ਅਧਿਆਪਕ ਬਿੱਖਰ ਸਿੰਘ, ਕੁਲਵਿੰਦਰ ਸਿੰਘ ਤੇ ਐਸ.ਐਮ.ਸੀ. ਚੇਅਰਮੈਨ ਪਰਮਜੀਤ ਸਿੰਘ ਸਮੇਤ ਹੋਰ ਸਹਿਯੋਗੀ ਵੀ ਮੌਜੂਦ ਸਨ। ਸਮਾਰੋਹ ਦੇ ਅੰਤ ਵਿੱਚ ਸਾਰੇ ਸਹਿਯੋਗੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮੂਹਿਕ ਤਸਵੀਰਾਂ ਖਿੱਚ ਕੇ ਇਸ ਯਾਦਗਾਰੀ ਪਲ ਨੂੰ ਸੰਭਾਲਿਆ ਗਿਆ।