ਕੌਮਾਂਤਰੀ ਮਹਿਲਾ ਦਿਵਸ ’ਤੇ ਮਹਿਲਾਵਾਂ ਦਾ ਕੀਤਾ ਸਨਮਾਨ
ਅੰਤਰਰਾਸ਼ਟਰੀ ਮਹਿਲਾ ਦਿਵਸ ਤਹਿਤ ਮਹਿਲਾਵਾਂ ਦਾ ਕੀਤਾ ਸਨਮਾਨ
Publish Date: Sat, 07 Mar 2026 05:24 PM (IST)
Updated Date: Sun, 08 Mar 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੂਬਾ ਸਰਕਾਰ ਸੂਬੇ ਦੀਆਂ ਮਹਿਲਾਵਾਂ ਨੂੰ ਹਰ ਪੱਖੋਂ ਆਤਮ ਨਿਰਭਰ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੌੜ ਮੰਡੀ ਸੁਖਵੀਰ ਸਿੰਘ ਮਾਈਸਰਖਾਨਾ ਨੇ ਅੱਜ ਬਲਾਕ ਮੌੜ ਅਤੇ ਬਲਾਕ ਰਾਮਪੁਰਾ ਦੀਆਂ ਵੱਖ-ਵੱਖ ਖਿੱਤੇ ਨਾਲ ਜੁੜੀਆਂ ਕਰੀਬ 100 ਪ੍ਰਗਤੀਸ਼ੀਲ ਮਹਿਲਾਵਾਂ ਨੂੰ ਪਿੰਡ ਮਾਈਸਰਖਾਨਾ ਵਿਖੇ ਪ੍ਰੋਗਰਾਮ ਦੌਰਾਨ ਸਨਮਾਨ ਕਰਨ ਉਪਰੰਤ ਕੀਤਾ। ਵਿਧਾਇਕ ਮਾਈਸਰਖਾਨਾ ਨੇ ਇਸ ਦੌਰਾਨ ਕਿਹਾ ਕਿ ਅੱਜ ਦੀ ਔਰਤ ਮਰਦਾਂ ਦੇ ਬਰਾਬਰ ਹੀ ਨਹੀਂ ਸਗੋਂ ਮਰਦਾਂ ਤੋਂ ਉੱਪਰ ਰਹਿ ਕੇ ਹਰ ਖਿੱਤੇ ਵਿੱਚ ਮੁਕਾਮ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਆਪਣੇ ਦੇਸ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਪ੍ਰਤਿਭਾ ਕਾਰਨ ਬੁਲੰਦੀਆਂ ਛੋਹ ਰਹੀਆਂ ਹਨ। ਮਹਿਲਾ ਸ਼ਸ਼ਕਤੀਕਰਨ ਨੂੰ ਮੁੱਖ ਰੱਖਦੇ ਹੋਏ ਅਤੇ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਜੀਵਿਕਾ ਮਿਸ਼ਨ ਅਧੀਨ ਬਣੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਸਨਮਾਨ ਕਰਨ ਦੌਰਾਨ ਕਿਹਾ ਕਿ ਉਹ ਅੱਗੇ ਤੋਂ ਹੋਰ ਵੀ ਜ਼ਿਆਦਾ ਮਿਹਨਤ ਕਰ ਕੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਮਾਈਸਰਖਾਨਾ ਨੇ ਇਸ ਮੌਕੇ ਮਹਿਲਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤਾਂ ਜੋ ਉਹਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।