ਔਰਤ ਦੇ ਕੰਨ ’ਚੋਂ ਵਾਲ਼ੀ ਝਪਟਣ ਤੇ ਚੋਰੀ ਕਰਨ ਵਾਲੇ ਦੋ ਕਾਬੂ
ਕੰਨ ਵਿਚ ਪਾਈ ਵਾਲੀ ਪੁੱਟਣ ਤੇ ਚੋਰੀ ਕਰਨ ਵਾਲੇ ਦੋ ਗ੍ਰਿਫ਼ਤਾਰ
Publish Date: Sat, 07 Mar 2026 04:39 PM (IST)
Updated Date: Sun, 08 Mar 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਰਾਮਪੁਰਾ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਔਰਤ ਦੇ ਕੰਨ ਵਿੱਚ ਪਾਈ ਸੋਨੇ ਦੀ ਵਾਲੀ ਪੁੱਟਣ ਵਾਲੇ ਤੇ ਇਕ ਘਰ ਵਿੱਚੋਂ ਕਣਕ ਅਤੇ ਹਜ਼ਾਰਾਂ ਰੁਪਏ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਫੂਲ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸਰਬਜੀਤ ਕੌਰ ਵਾਸੀ ਬੁਰਜ ਗਿੱਲ ਨੇ ਦੱਸਿਆ ਕਿ ਧਰਮਪ੍ਰੀਤ ਸਿੰਘ ਉਨ੍ਹਾਂ ਦੇ ਘਰ ਦਾਖਲ ਹੋਇਆ ਅਤੇ ਘਰ ਵਿੱਚੋਂ ਪਈ 35 ਕਿੱਲੋ ਕਣਕ ਤੇ 4500 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਿਆ। ਥਾਣਾ ਫੂਲ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਗਿੱਲ ਦੇ ਰਹਿਣ ਵਾਲੇ ਧਰਮਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤਰ੍ਹਾਂ ਹੀ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸਰਬਜੀਤ ਕੌਰ ਵਾਸੀ ਕਰਾੜਵਾਲਾ ਨੇ ਦੱਸਿਆ ਕਿ ਉਹ ਪੈਦਲ ਰਾਮਪੁਰਾ ਫੂਲ ਦੀ ਮਾਲ ਰੋਡ ਉੱਪਰ ਜਾ ਰਹੀ ਸੀ ਕਿ ਜਦੋਂ ਰੇਲਵੇ ਸਟੇਸ਼ਨ ਨੇੜੇ ਪੁੱਜੀ, ਤਾਂ ਪਰਵਿੰਦਰ ਕੁਮਾਰ ਵਾਸੀ ਰਾਮਪੁਰਾ ਮੰਡੀ ਨੇ ਉਸ ਦੇ ਸੱਜੇ ਕੰਨ ਵਿੱਚ ਪਹਿਨੀ ਸੋਨੇ ਦੀ ਵਾਲੀ ਪੁੱਟ ਲਈ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ਤੋਂ ਬਾਅਦ ਪਰਵਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ।