ਤਲਵੰਡੀ ਸਾਬੋ ਦੇ ਸੁੰਦਰੀਕਰਨ ਲਈ ਪੈਕੇਜ ਐਲਾਨੇ ਸਰਕਾਰ : ਗੁਰਬਾਜ਼ ਸਿੰਘ ਸਿੱਧੂ
ਤਲਵੰਡੀ ਸਾਬੋ ਨਗਰ ਦੇ ਸੁੰਦਰੀਕਰਨ ਲਈ ਵਿਸ਼ੇਸ ਆਰਥਿਕ ਪੈਕੇਜ ਐਲਾਨੇ ਸਰਕਾਰ: ਗੁਰਬਾਜ਼ ਸਿੰਘ ਸਿੱਧ
Publish Date: Fri, 06 Mar 2026 07:43 PM (IST)
Updated Date: Sat, 07 Mar 2026 04:13 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਵਿਸਾਖੀ ਜੋੜ ਮੇਲੇ ਤੋਂ ਪਹਿਲਾਂ ਵਿਕਾਸ ਕਾਰਜਾਂ ਦੇ ਨਾਂ ’ਤੇ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵੱਡੀ ਪੱਧਰ ’ਤੇ ਸੜਕਾਂ ਤੇ ਰਾਸਤਿਆਂ ਨੂੰ ਪੁੱਟ ਸੁੱਟਿਆ ਗਿਆ ਤੇ ਪਤਾ ਲੱਗਾ ਹੈ ਕਿ ਜੋ ਟਾਈਲਾਂ ਪਹਿਲਾਂ ਲੱਗੀਆਂ ਹੋਈਆਂ ਸਨ ਹੁਣ ਵੀ ਉਸੇ ਤਰ੍ਹਾਂ ਦੀਆਂ ਲਗਾਈਆਂ ਜਾ ਰਹੀਆਂ ਹਨ ਜੋ ਕਿ ਸਰਾਸਰ ਪੈਸੇ ਦੀ ਬਰਬਾਦੀ ਹੈ ਜਦੋਂ ਕਿ ਚਾਹੀਦਾ ਇਹ ਹੈ ਕਿ ਸਰਕਾਰ ਨਗਰ ਦੇ ਸੁੰਦਰੀਕਰਨ ਲਈ ਵਿਸ਼ੇਸ ਆਰਥਿਕ ਪੈਕੇਜ ਐਲਾਨੇ ਤਾਂ ਕਿ ਨਗਰ ਸੱਚਮੁਚ ਸੁੰਦਰ ਦਿਖਾਈ ਦੇ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ। ਗੁਰਬਾਜ਼ ਸਿੰਘ ਸਿੱਧੂ ਜੋ ਹਲਕੇ ਦੇ ਦੌਰੇ ’ਤੇ ਵੱਖ ਵੱਖ ਪ੍ਰੋਗਰਾਮਾਂ ’ਚ ਹਾਜ਼ਰੀ ਭਰਨ ਆਏ ਹੋਏ ਸਨ ਨੇ ਬਾਅਦ ’ਚ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਪਹਿਲਾਂ ਹੀ ਬਿਹਤਰ ਹਾਲਤ ਦੀਆਂ ਟਾਈਲਾਂ ਪੁੱਟ ਕੇ ਉਸੇ ਤਰ੍ਹਾਂ ਦੀਆਂ ਨਵੀਆਂ ਟਾਈਲਾਂ ਲਗਾ ਦੇਣੀਆਂ ਵਿਕਾਸ ਨਹੀ ਹੁੰਦਾ। ਤਲਵੰਡੀ ਸਾਬੋ ਦੀ ਇਤਿਹਾਸਿਕ ਤੇ ਧਾਰਮਿਕ ਮਹੱਤਤਾ ਨੂੰ ਦੇਖਦਿਆਂ ਚਾਹੀਦਾ ਇਹ ਹੈ ਕਿ ਜੇਕਰ ਹੁਣ ਸੜਕਾਂ ਅਤੇ ਸੜਕਾਂ ਦੇ ਨਾਲ ਲੱਗਦੀਆਂ ਟਾਈਲਾਂ ਪੁੱਟ ਹੀ ਲਈਆਂ ਹਨ ਤਾਂ ਸਰਕਾਰ ਦੇ ਨੁਮਾਇੰਦੇ ਸਰਕਾਰ ਤੋਂ ਵਿਸ਼ੇਸ ਆਰਥਿਕ ਸਹਾਇਤਾ ਹਾਸਲ ਕਰਕੇ ਅਸਲ ’ਚ ਨਗਰ ਦਾ ਸੁੰਦਰੀਕਰਨ ਕਰਵਾਉਣ ਤੇ ਉੱਚ ਮਿਆਰੀ ਪੱਧਰ ਦੀਆਂ ਖੂਬਸੂਰਤ ਟਾਈਲਾਂ ਲਗਾਈਆਂ ਜਾਣ ਤੇ ਸਮੁੱਚਾ ਕੰਮ ਵਿਸਾਖੀ ਜੋੜ ਮੇਲੇ ਤੋਂ ਪਹਿਲਾਂ ਮੁਕੰਮਲ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਜੋੜ ਮੇਲੇ ’ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਨਗਰ ਚ ਕੀਤੇ ਕਾਰਜ ਸੁੰਦਰ ਲੱਗਣ। ਉਨ੍ਹਾਂ ਕਿਹਾ ਕਿ ਸੁੰਦਰੀਕਰਨ ਦੇ ਨਾਂ ’ਤੇ ਖਾਨਾਪੂਰਤੀ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀ। ਇਸ ਮੌਕੇ ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ, ਜੱਗਾ ਬੰਗੀ,ਕ੍ਰਿਸ਼ਨ ਯਾਦਵ, ਹਰਪਾਲ ਪੰਚ ਗਾਟਵਾਲੀ ਆਦਿ ਆਗੂ ਮੌਜੂਦ ਸਨ।