ਡੱਬਵਾਲੀ ਹਾਈਵੇ ਤੋਂ ਘੁੱਦਾ ਤੱਕ ਖ਼ਸਤਾਹਾਲ ਸੜਕ ਤੋਂ ਲੋਕ ਪਰੇਸ਼ਾਨ
ਡੱਬਵਾਲੀ ਹਾਈਵੇ ਤੋਂ ਘੁੱਦਾ ਤੱਕ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ
Publish Date: Fri, 06 Mar 2026 06:50 PM (IST)
Updated Date: Sat, 07 Mar 2026 04:10 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਡੱਬਵਾਲੀ ਮੁੱਖ ਹਾਈਵੇ ਤੋਂ ਲੈ ਕੇ ਪਿੰਡ ਘੁੱਦਾ ਤੱਕ ਸੜਕ ਦੀ ਮੁਰੰਮਤ ਦਾ ਕੰਮ ਚੱਲਦਾ ਹੋਣ ਕਰਕੇ ਸੜਕ ਉੱਪਰ ਪੱਥਰ/ਬੱਜਰ ਪਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਸੜਕ ’ਤੇ ਪਾਏ ਗਏ ਬੱਜਰ ਵਿੱਚੋਂ ਪਾਇਆ ਗਿਆ ਰੇਤ ਨਿਕਲਣ ਕਰਕੇ ਆਵਾਜਾਈ ਦੇ ਸਾਧਨਾਂ ਦਾ ਸੜਕ ਉਪਰੋਂ ਲੰਘਣਾ ਬਹੁਤ ਹੀ ਜਿਆਦਾ ਮੁਸ਼ਕਿਲ ਹੋ ਗਿਆ ਹੈ। ਜਿਸ ਕਰਕੇ ਆਵਾਜਾਈ ਦੇ ਸਾਧਨਾਂ ਦਾ ਬਹੁਤ ਜਿਆਦਾ ਨੁਕਸਾਨ ਵੀ ਹੋ ਰਿਹਾ ਹੈ। ਛੋਟੇ ਸਾਧਨਾਂ ਵਾਲਿਆਂ ਨੂੰ ਤਾਂ ਵਿੰਗ ਪਾ ਕੇ ਦੂਜੇ ਪਿੰਡਾਂ ਦੇ ਰਸਤਿਓਂ ਆਉਣਾ ਜਾਣਾ ਪੈਂਦਾ ਹੈ। ਬੱਸਾਂ ਬਹੁਤ ਹੀ ਮੁਸ਼ਕਿਲ ਨਾਲ ਲੰਘਦੀਆਂ ਹਨ, ਜਿਸ ਕਰਕੇ ਅਕਸਰ ਹੀ ਉਹ ਦੇਰੀ ਨਾਲ ਪੁੱਜਦੀਆਂ ਹਨ। ਐਮਰਜੈਂਸੀ ਵਾਲ਼ੇ ਸਾਧਨ ਵੀ ਬਹੁਤ ਮੁਸ਼ਕਿਲ ਨਾਲ ਲੰਘਦੇ ਹਨ। ਅੱਗੇ ਹਾੜ੍ਹੀ ਦੀ ਫ਼ਸਲ ਆਉਣ ਵਾਲ਼ੀ ਜਿਸ ਕਰਕੇ ਕਿਸਾਨਾਂ ਨੂੰ ਫ਼ਸਲ ਢੋਣ ਵਿਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਡ ਘੁੱਦਾ ਵਿਖੇ ਕੇਂਦਰੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਕਾਲਜ਼, ਸਪੋਰਟਸ ਸਕੂਲ, ਤੇ ਹੋਰ ਵੱਡੇ ਆਦਾਰੇ, ਦੂਜੇ ਪਾਸੇ ਸੰਗਤ ਮੰਡੀ ਦਾ ਬਾਜ਼ਾਰ, ਅਨੇਕਾਂ ਦਫ਼ਤਰ, ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ, ਏਮਜ਼ਅਤੇ ਅਨੇਕਾਂ ਹੀ ਹੋਰ ਥਾਵਾਂ ’ਤੇ ਇਸੇ ਸੜਕ ਰਾਹੀਂ ਹੀ ਆਉਣਾ/ਜਾਣਾ ਪੈਂਦਾ ਹੈ। ਜਿਸ ਕਰਕੇ ਲੋਕਾਂ ਨੂੰ ਡਾਢੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਕੋਟਗੁਰੂ ਦੇ ਸਮਾਜ ਸੇਵੀ ਤੇ ਸਾਬਕਾ ਪੰਚਾਇਤ ਮੈਂਬਰ ਅੰਗਰੇਜ ਸਿੰਘ ਵਿੱਕੀ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਵੱਡੀ ਗਿਣਤੀ ਲੋਕਾਂ ਦੀ ਇਸ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕ ਉੱਪਰ ਜਲਦੀ ਲੁੱਕ ਪਾਕੇ ਦੂਰ ਕੀਤਾ ਜਾਵੇ।