‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਸਬੰਧੀ ਦਿੱਤੀ ਜਾਣਕਾਰੀ
ਪੀਸੀ-ਪੀਐਨਡੀਟੀ ਐਕਟ ਅਤੇ “ਬੇਟੀ ਬਚਾਓ ਬੇਟੀ ਪੜ੍ਹਾਓ” ਮੁਹਿੰਮ ਸਬੰਧੀ ਜਾਣਕਾਰੀ ਦਿੱਤੀ
Publish Date: Fri, 06 Mar 2026 06:46 PM (IST)
Updated Date: Sat, 07 Mar 2026 04:09 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਸਥਾਨਕ ਹੈਲਥ ਐਂਡ ਵੇਲਨੈੱਸ ਸੈਂਟਰਾਂ ਵਿਚ ਪੀਸੀ-ਪੀਐਨਡੀਟੀ ਐਕਟ ਸਬੰਧੀ ਜਾਗਰੂਕਤਾ ਗਤੀਵਿਧੀਆਂ ਅਤੇ “ਬੇਟੀ ਬਚਾਓ ਬੇਟੀ ਪੜ੍ਹਾਓ” ਮੁਹਿੰਮ ਅਧੀਨ ਜਾਗਰੂਕਤਾ ਮੀਟਿੰਗਾਂ ਕਰਵਾਈਆਂ ਗਈਆਂ। ਇਸ ਮੌਕੇ ਹੈਲਥ ਐਂਡ ਵੇਲਨੈੱਸ ਸੈਂਟਰ ਜੋਧਪੁਰ ਪਾਖਰ ਅਤੇ ਕਮਾਲੂ ਸਵੈਚ ਵਿਚ ਵਿਸ਼ੇਸ਼ ਜਾਗਰੂਕਤਾ ਸੈਸ਼ਨ ਲਾਇਆ ਗਿਆ। ਸੈਸ਼ਨਾਂ ਦੌਰਾਨ ਲੋਕਾਂ ਨੂੰ ਪੀਸੀ-ਪੀਐਨਡੀਟੀ ਐਕਟ ਦੀਆਂ ਧਾਰਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲਿੰਗ ਚੋਣ ਅਤੇ ਭਰੂਣ ਹੱਤਿਆ ਦੇ ਕਾਨੂੰਨੀ ਨਤੀਜਿਆਂ ਬਾਰੇ ਸਮਝਾਇਆ ਗਿਆ। ਸਿਹਤ ਕਰਮਚਾਰੀਆਂ ਵੱਲੋਂ ਸਮਾਜ ਵਿਚ ਬੱਚੀ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ “ਬੇਟੀ ਬਚਾਓ ਬੇਟੀ ਪੜ੍ਹਾਓ” ਅਭਿਆਨ ਨੂੰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਹਾਜ਼ਰੀਨ ਨੂੰ ਬੇਟੀਆਂ ਦੀ ਸੁਰੱਖਿਆ, ਸਿੱਖਿਆ ਅਤੇ ਸਿਹਤ ਸੰਬੰਧੀ ਸਰਕਾਰੀ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਮੀਟਿੰਗ ਵਿਚ ਹੈਲਥ ਐਂਡ ਵੇਲਨੈੱਸ ਸੈਂਟਰਾਂ ਦੇ ਸਟਾਫ, ਆਸ਼ਾ ਵਰਕਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਨੇ ਭਾਗ ਲਿਆ ਅਤੇ ਆਪਣੇ-ਆਪਣੇ ਖੇਤਰਾਂ ਵਿਚ ਇਸ ਸੰਦੇਸ਼ ਨੂੰ ਅੱਗੇ ਤਕ ਪਹੁੰਚਾਉਣ ਦਾ ਸੰਕਲਪ ਲਿਆ।