ਡਾ. ਸਿਮਰਨ ਅਕਸ ਦਾ ਗੀਤ ‘ਪੰਜ ਆਬ ਦੀ ਬੋਲੀ’ ਰਿਲੀਜ਼
ਡਾ. ਸਿਮਰਨ ਅਕਸ ਵੱਲੋਂ ਲਿਖਿਆ ਗੀਤ ‘ਪੰਜ ਆਬ ਦੀ ਬੋਲੀ’ ਰਿਲੀਜ਼
Publish Date: Fri, 06 Mar 2026 05:54 PM (IST)
Updated Date: Sat, 07 Mar 2026 04:09 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਪਿਛਲੇ ਦਿਨੀਂ ਮਾਂ ਬੋਲੀ ਦਿਹਾੜੇ ਮੌਕੇ ਜਿੱਥੇ ਪੰਜਾਬ ਭਰ ਵਿਚ ਵੱਖ-ਵੱਖ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਗਏ, ਉੱਥੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਮੁਖੀ ਅਤੇ ਕਵਿੱਤਰੀ ਡਾ. ਸਿਮਰਨ ਅਕਸ ਵੱਲੋਂ ਲਿਖਿਆ ਗੀਤ ‘ਪੰਜ ਆਬ ਦੀ ਬੋਲੀ’ ਰਿਲੀਜ਼ ਕੀਤਾ ਗਿਆ। ਇਹ ਗੀਤ ਮਾਂ ਬੋਲੀ ਪੰਜਾਬੀ ਦੀ ਮੌਜੂਦਾ ਸਥਿਤੀ ਅਤੇ ਉਸਦੇ ਰੌਸ਼ਨ ਭਵਿੱਖ ਨੂੰ ਉਜਾਗਰ ਕਰਦਾ ਹੋਇਆ ਪੰਜਾਬੀਅਤ ਦੀ ਮਿਠਾਸ ਅਤੇ ਵਿਰਾਸਤ ਨਾਲ ਡੂੰਘਾ ਨਾਤਾ ਜੋੜਦਾ ਹੈ। ਗੀਤ ਨੂੰ ਪ੍ਰਸਿੱਧ ਗਾਇਕਾ ਅਨੂਜੋਤ ਕੌਰ ਨੇ ਆਪਣੀ ਰੂਹਾਨੀ ਤੇ ਲੋਕਧਾਰਾ ਅੰਦਾਜ਼ ਵਾਲੀ ਆਵਾਜ਼ ਨਾਲ ਗਾਇਆ ਹੈ, ਜਿਸ ਕਾਰਨ ਇਹ ਰਚਨਾ ਸਰੋਤਿਆਂ ਦੇ ਦਿਲਾਂ ਵਿਚ ਖ਼ਾਸ ਥਾਂ ਬਣਾਉਂਦੀ ਜਾ ਰਹੀ ਹੈ। ਮਾਂ ਬੋਲੀ ਪੰਜਾਬੀ ਦੇ ਅੱਜ ਅਤੇ ਕੱਲ੍ਹ ਨੂੰ ਰੌਸ਼ਨ ਕਰਦਾ ਇਹ ਗੀਤ ਗੁੜਤੀ ਨਾਲ ਰਚੇ-ਬਸੇ ਅੱਖਰਾਂ ਦੀ ਤਾਸੀਰ ਨੂੰ ਸਨਮਾਨ ਦਿੰਦਾ ਹੈ। ਪ੍ਰਸਿੱਧ ਗਾਇਕਾ ਅਨੂਜੋਤ ਕੌਰ ਨੇ ਆਪਣੀ ਰੂਹਾਨੀ ਅਤੇ ਲੋਕ ਰੰਗੀ ਅੰਦਾਜ਼ ਵਾਲੀ ਬਾਕਮਾਲ ਆਵਾਜ਼ ਨਾਲ ਇਸ ਗੀਤ ਨੂੰ ਚਾਰ ਚੰਨ ਲਗਾਏ ਹਨ। ਗਾਇਕਾ ਪਹਿਲਾਂ ਹੀ ਆਪਣੇ ਸੂਫ਼ੀ ਅਤੇ ਲੋਕਧਾਰਾ ਗਾਇਕੀ ਕਾਰਨ ਸਰੋਤਿਆਂ ਵਿਚ ਮਕਬੂਲ ਹਨ ਅਤੇ ਇਸ ਗੀਤ ਰਾਹੀਂ ਵੀ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ ਹੈ। ਗੀਤ ਦਾ ਵੀਡੀਓ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਕਸ ਨੂੰ ਬਖੂਬੀ ਪੇਸ਼ ਕਰਦਾ ਹੈ, ਜਿਸ ਦੀ ਦਿਸ਼ਾ-ਨਿਰਦੇਸ਼ਨਾ ਸਟਾਲਿਨਵੀਰ ਸਿੰਘ ਲਿੱਦੜਾ ਅਤੇ ਸੁਖਪਾਲ ਸਿੰਘ ਬਾਜਵਾ ਵੱਲੋਂ ਕੀਤੀ ਗਈ ਹੈ। ਵੀਡੀਓ ਵਿੱਚ ਨਿੱਕੇ-ਨਿੱਕੇ ਅਦਾਕਾਰਾਂ ਫ਼ਤਿਹ ਪ੍ਰਤਾਪ ਸਿੰਘ, ਰੌਨਕ ਜੋਸ਼ੀ, ਮਹਿਤਾਬ ਸਿੰਘ, ਸਰਗੁਣ ਕੌਰ, ਤਨਵੀਰ ਸਿੰਘ, ਸੁਖਨਾਜ਼ ਕੌਰ, ਨਿਮਰਤ ਕੌਰ ਅਤੇ ਜਸਕੀਰਤ ਸਿੰਘ ਸਮੇਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਿੱਦੜਾਂ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਪੇਸ਼ਕਾਰੀ ਨੇ ਹੋਰ ਦਿਲਕਸ਼ ਬਣਾਇਆ ਹੈ। ਇਸ ਮਾਣਮੱਤੇ ਅਹਿਸਾਸ ਨਾਲ ਭਰੇ ਗੀਤ ਦਾ ਸੰਗੀਤ ਨਿਤੇਸ਼ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਪੂਰੇ ਪ੍ਰੋਜੈਕਟ ਦੀ ਰਚਨਾ ਅਤੇ ਡਿਜ਼ਾਇਨ ਉੱਘੇ ਮਿਊਜ਼ਿਕ ਡਾਇਰੈਕਟਰ ਮੰਨਾ ਸਿੰਘ ਨੇ ਸੰਭਾਲੀ ਹੈ। ਜ਼ਿਕਰਯੋਗ ਹੈ ਕਿ ਡਾ. ਸਿਮਰਨ ਅਕਸ ਦੇ ਲਿਖੇ ਗੀਤ ਪਹਿਲਾਂ ਵੀ ਕਈ ਪ੍ਰਸਿੱਧ ਗਾਇਕਾਂ ਵੱਲੋਂ ਗਾਏ ਜਾ ਚੁੱਕੇ ਹਨ ਅਤੇ ਉਹ ਪੰਜਾਬੀ ਸਾਹਿਤ ਦੀ ਤਿੰਨ ਕਿਤਾਬਾਂ ਦੀ ਲੇਖਿਕਾ ਹੋਣ ਦਾ ਮਾਣ ਹਾਸਲ ਕਰ ਚੁੱਕੀ ਹੈ। ‘ਪੰਜ ਆਬ ਦੀ ਬੋਲੀ’ ਗੀਤ ਰਾਹੀਂ ਉਨ੍ਹਾਂ ਨੇ ਇਕ ਵਾਰ ਫਿਰ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਅਟੁੱਟ ਰਿਸ਼ਤੇ ਅਤੇ ਸਮਰਪਣ ਨੂੰ ਸਾਬਤ ਕੀਤਾ ਹੈ।