ਜੇਲ੍ਹ ਤੋਂ ਫਰਾਰ ਭਗੌੜਾ ਕੈਦੀ ਵਿਦੇਸ਼ੀ ਪਿਸਤੌਲ ਸਣੇ ਕਾਬੂ
ਚਾਰ ਸਾਲ ਤੋਂ ਜੇਲ੍ਹ ਤੋਂ ਫਰਾਰ ਭਗੌੜਾ ਕੈਦੀ ਵਿਦੇਸ਼ੀ ਪਿਸਟਲ ਸਮੇਤ ਗ੍ਰਿਫ਼ਤਾਰ
Publish Date: Fri, 06 Mar 2026 05:38 PM (IST)
Updated Date: Sat, 07 Mar 2026 04:06 AM (IST)

-ਇੰਗਲੈਡ ਵਿਖੇ ਕੁੜੀ ਦੀ ਹੱਤਿਆ ਦੇ ਦੋਸ਼ ’ਚ ਹੋਈ ਸੀ 22 ਸਾਲ ਦੀ ਸਜ਼ਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੁਲਿਸ ਵੱਲੋਂ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸੀਆਈਏ ਸਟਾਫ-2 ਦੀ ਟੀਮ ਨੇ ਇਕ ਭਗੌੜੇ ਕੈਦੀ ਨੂੰ ਨਾਜਾਇਜ਼ ਵਿਦੇਸ਼ੀ ਪਿਸਟਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ ਗ਼ੈਰ-ਕਾਨੂੰਨੀ ਗਲੌਕ 9 ਐੱਮਐੱਮ ਪਿਸਤੌਲ ਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਜਸਮੀਤ ਸਿੰਘ ਅਤੇ ਡੀਐਸਪੀ ਸੰਦੀਪ ਭਾਟੀ ਨੇ ਦੱਸਿਆ ਕਿ ਸੀਆਈਏ ਸਟਾਫ-2 ਬਠਿੰਡਾ ਦੀ ਪੁਲਿਸ ਟੀਮ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਸ਼ੇਰ ਸਿੰਘ ਉਰਫ਼ ਜੱਸਾ ਵਾਸੀ ਪਿੰਡ ਬਨਿਆਕੇ, ਤਹਿਸੀਲ ਅਜਨਾਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਗੈਰਕਾਨੂੰਨੀ ਪਿਸਟਲ ਸਮੇਤ ਕੈਂਟ ਰੋਡ ਬਠਿੰਡਾ ਇਲਾਕੇ ਵਿੱਚ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਰਿੰਗ ਰੋਡ ਬਠਿੰਡਾ ਤੋਂ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਗਲੌਕ 9 ਐੱਮਐੱਮ ਪਿਸਤੌਲ ਤੇ 4 ਜਿੰਦਾ ਕਾਰਤੂਸ ਬਰਾਮਦ ਹੋਏ। ਐੱਸਪੀ ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਵੀ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਸਾਲ 2009 ਵਿਚ ਇੰਗਲੈਂਡ ਵਿਚ ਗੀਤਾ ਨਾਮਕ ਇਕ ਕੁੜੀ ਦੀ ਹੱਤਿਆ ਦੇ ਮਾਮਲੇ ’ਚ ਉਸਨੂੰ 22 ਸਾਲ ਦੀ ਸਜ਼ਾ ਹੋਈ ਸੀ ਅਤੇ ਉਹ ਇੰਗਲੈਂਡ ਦੀ ਐੱਚਐੱਮਪੀ ਗਾਰਟਰੀ ਹਾਰਬੋਰੋ, ਲੀਸੇਸਟਰਸ਼ਾਇਰ ਜੇਲ੍ਹ ਵਿੱਚ ਬੰਦ ਸੀ। ਬਾਅਦ ਵਿੱਚ ਨਵੰਬਰ 2018 ਵਿੱਚ ਉਸਨੂੰ ਬਾਕੀ ਸਜ਼ਾ ਪੂਰੀ ਕਰਨ ਲਈ ਭਾਰਤ ਭੇਜ ਦਿੱਤਾ ਗਿਆ ਸੀ, ਜਿੱਥੇ ਉਸਨੂੰ ਕਪੂਰਥਲਾ ਜੇਲ੍ਹ ’ਚ ਰੱਖਿਆ ਗਿਆ। ਅਪ੍ਰੈਲ 2021 ਵਿੱਚ ਮੁਲਜ਼ਮ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਸ਼ਿਫਟ ਕੀਤਾ ਗਿਆ ਸੀ, ਪਰ 28 ਅਪ੍ਰੈਲ 2021 ਨੂੰ ਉਹ ਆਪਣੇ ਦੋ ਸਾਥੀਆਂ ਇੰਦਰਜੀਤ ਸਿੰਘ ਉਰਫ਼ ਧਿਆਣਾ ਅਤੇ ਜਸਪ੍ਰੀਤ ਸਿੰਘ ਉਰਫ਼ ਰੂਪੀ ਨਾਲ ਜੇਲ੍ਹ ਤੋਂ ਫਰਾਰ ਹੋ ਗਿਆ ਸੀ। ਥਾਣਾ ਤ੍ਰਿਪੜੀ ਪਟਿਆਲਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਉਸਦੇ ਦੋਵੇਂ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰ ਸ਼ੇਰ ਸਿੰਘ ਉਰਫ਼ ਜੱਸਾ ਲਗਾਤਾਰ ਫਰਾਰ ਚੱਲ ਰਿਹਾ ਸੀ। ਹੁਣ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।