ਫ਼ੌਜੀ ਨੇ ਪਿਤਾ ਨੂੰ ਗੋਲ਼ੀ ਮਾਰ ਕੇ ਕੀਤਾ ਜ਼ਖ਼ਮੀ, ਮਾਂ ਦੀ ਕੀਤੀ ਕੁੱਟਮਾਰ
ਬਠਿੰਡਾ ਦੇ ਜੋਗੀ ਨਗਰ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ
Publish Date: Fri, 06 Mar 2026 04:46 PM (IST)
Updated Date: Sat, 07 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਸ਼ਹਿਰ ਦੇ ਜੋਗੀ ਨਗਰ ਇਲਾਕੇ ਵਿਚ ਵੀਰਵਾਰ ਸ਼ਾਮ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਘਰੇਲੂ ਵਿਵਾਦ ਦੌਰਾਨ ਫੌਜ ਵਿਚ ਤਾਇਨਾਤ ਇਕ ਨੌਜਵਾਨ ਨੇ ਆਪਣੇ ਹੀ ਮਾਪਿਆਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਘਟਨਾ ਜੋਗੀ ਨਗਰ ਦੀ ਗਲੀ ਨੰਬਰ 5/5 ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਫੌਜ ਵਿਚ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿਚ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਗੁਆਂਢੀਆਂ ਮੁਤਾਬਕ ਘਰ ਵਿਚ ਕਿਸੇ ਗੱਲ ਨੂੰ ਲੈ ਕੇ ਕਿਹਾ-ਸੁਣੀ ਹੋਈ ਜੋ ਵਧ ਕੇ ਗੰਭੀਰ ਝਗੜੇ ਵਿਚ ਤਬਦੀਲ ਹੋ ਗਈ। ਗੁੱਸੇ ਵਿਚ ਆ ਕੇ ਹਰਪ੍ਰੀਤ ਸਿੰਘ ਨੇ ਪਹਿਲਾਂ ਆਪਣੇ ਪਿਤਾ ਦਲਜੀਤ ਸਿੰਘ ‘ਤੇ ਕਿਸੇ ਭਾਰੀ ਵਸਤੂ ਨਾਲ ਸਿਰ ‘ਤੇ ਵਾਰ ਕੀਤਾ ਅਤੇ ਫਿਰ ਕਥਿਤ ਤੌਰ ‘ਤੇ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਗੋਲੀ ਦਲਜੀਤ ਸਿੰਘ ਦੇ ਕੰਧੇ ਵਿਚ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਦੌਰਾਨ ਦੋਸ਼ੀ ਨੇ ਮਾਤਾ ਪਰਮਜੀਤ ਕੌਰ ਨਾਲ ਵੀ ਕੁੱਟਮਾਰ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਵੀ ਸੱਟਾਂ ਆਈਆਂ ਹਨ। ਘਰ ਤੋਂ ਆ ਰਹੀਆਂ ਚੀਖਾਂ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਐਸਐਚਓ ਹਰਜੋਤ ਸਿੰਘ ਨੇ ਪੁਲਿਸ ਟੀਮ ਸਮੇਤ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਮੌਕੇ ਤੋਂ ਹਥਿਆਰ ਕਬਜ਼ੇ ’ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਜ਼ਖਮੀ ਦਲਜੀਤ ਸਿੰਘ ਦੇ ਬਿਆਨ ਦਰਜ ਕਰਕੇ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ ਤੇ ਲੋਕ ਇਸ ਪਰਿਵਾਰਕ ਵਿਵਾਦ ਦੇ ਭਿਆਨਕ ਅੰਜਾਮ ਤੋਂ ਹੈਰਾਨ ਹਨ।