ਭਲਕੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਇਆ ਜਾਵੇਗਾ
Publish Date: Fri, 06 Mar 2026 04:32 PM (IST)
Updated Date: Sat, 07 Mar 2026 04:03 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਅਧਿਕਾਰ ਸੰਘਰਸ਼ ਪਾਰਟੀ ਵੱਲੋਂ 8 ਮਾਰਚ 2026 ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਪਾਰਟੀ ਦਾ ਪਹਿਲਾ ਸਥਾਪਨਾ ਦਿਵਸ ਟੀਚਰ ਹੋਮ ਬਠਿੰਡਾ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਪਾਰਟੀ ਦੀ ਬਠਿੰਡਾ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਕੌਰ ਭੱਟੀ ਨੇ ਜਾਣਕਾਰੀ ਦਿੱਤੀ। ਪਾਰਟੀ ਦੀ ਹਾਈਕਮਾਂਡ ਵੱਲੋਂ ਔਰਤਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਮਹਿਲਾਵਾਂ ਨੂੰ ਪਾਰਟੀ ਵਿਚ ਜ਼ਿੰਮੇਵਾਰ ਅਹੁਦਿਆਂ ’ਤੇ ਨਿਯੁਕਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਲੀਡਰਸ਼ਿਪ ਦੀ ਤਹਿ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਦੀ ਜਨਰਲ ਸਕੱਤਰ ਬਣਾ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਂਦੀਆਂ ਹੋਈਆਂ ਪਾਰਟੀ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਨਗੀਆਂ। ਟੀਚਰ ਹੋਮ ਬਠਿੰਡਾ ਵਿਚ ਹੋਣ ਵਾਲੇ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਮਹਿਲਾਵਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਪਿੰਡਾਂ ’ਚ ਕੈਡਰ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਵੀ ਕਾਫ਼ਲੇ ਦੇ ਰੂਪ ’ਚ ਵੱਡਾ ਜੱਥਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵੀ ਚਲਾਈ ਜਾ ਰਹੀ ਹੈ। ਭੱਟੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਰੀਬ 40 ਟਿਕਟਾਂ ਮਹਿਲਾਵਾਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ ਔਰਤ ਵਰਗ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ, ਖ਼ਾਸ ਕਰਕੇ ਬਠਿੰਡਾ ਜ਼ਿਲ੍ਹੇ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਇਸ ਸੰਮੇਲਨ ਵਿਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਉਣ ਅਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਵਿਚ ਸਹਿਯੋਗ ਦੇਣ।