ਪੀਐਮ ਕਿਸਾਨ ਯੋਜਨਾ ਦਾ ਲਾਭ ਲੈਣ ਲਈ ‘ਫਾਰਮਰ ਰਜਿਸਟਰੀ’ ਲਾਜ਼ਮੀ
ਪੀਐਮ ਕਿਸਾਨ ਯੋਜਨਾ ਦਾ ਲਾਭ ਲੈਣ ਲਈ ‘ਫਾਰਮਰ ਰਜਿਸਟਰੀ’ ਕਰਵਾਉਣੀ ਲਾਜ਼ਮੀ
Publish Date: Fri, 06 Mar 2026 04:31 PM (IST)
Updated Date: Sat, 07 Mar 2026 04:03 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀ.ਐੱਮ-ਕਿਸਾਨ) ਯੋਜਨਾ ਨੂੰ ਹੋਰ ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਹੁਣ ਹਰੇਕ ਲਾਭਪਾਤਰੀ ਕਿਸਾਨ ਲਈ ‘ਫਾਰਮਰ ਰਜਿਸਟਰੀ’ ਵਿਚ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਵੱਲੋਂ ਦਿੱਤੀ ਗਈ। ਡਾ. ਸਿੱਧੂ ਅਨੁਸਾਰ ਫਾਰਮਰ ਰਜਿਸਟਰੀ ਦੇ ਤਹਿਤ ਹਰੇਕ ਕਿਸਾਨ ਦੀ ਇਕ ਵਿਲੱਖਣ ‘ਕਿਸਾਨ ਆਈਡੀ.’ ਤਿਆਰ ਕੀਤੀ ਜਾਵੇਗੀ, ਜਿਸ ਨੂੰ ਉਸ ਦੇ ਮੌਜੂਦਾ ਪੀਐੱਮ-ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇਗਾ। ਇਸ ਨਾਲ ਕਿਸਾਨਾਂ ਦੀ ਪਛਾਣ ਤੇ ਉਨ੍ਹਾਂ ਦੇ ਜ਼ਮੀਨੀ ਰਿਕਾਰਡ ਦੀ ਤਸਦੀਕ ਆਸਾਨੀ ਨਾਲ ਹੋ ਸਕੇਗੀ ਅਤੇ ਸਰਕਾਰੀ ਮਦਦ ਸਿੱਧੇ ਤੌਰ ‘ਤੇ ਅਸਲ ਹੱਕਦਾਰ ਕਿਸਾਨਾਂ ਤੱਕ ਪਹੁੰਚੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੀ ਫਾਰਮਰ ਰਜਿਸਟਰੀ ਨਹੀਂ ਕਰਵਾਈ ਹੋਵੇਗੀ, ਉਨ੍ਹਾਂ ਨੂੰ ਭਵਿੱਖ ਵਿੱਚ ਪੀਐੱਮ-ਕਿਸਾਨ ਯੋਜਨਾ ਦੀਆਂ ਅਗਲੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ। ਇਸ ਲਈ ਸਾਰੇ ਲਾਭਪਾਤਰੀ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਜਲਦ ਪੂਰੀ ਕਰਵਾਉਣ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਰਜਿਸਟ੍ਰੇਸ਼ਨ ਨੇੜਲੇ ਕਾਮਨ ਸਰਵਿਸ ਸੈਂਟਰ (ਸੀਐੱਸਸੀ.) ਜਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਚ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਸਮੇਂ ਕਿਸਾਨਾਂ ਨੂੰ ਆਪਣਾ ਆਧਾਰ ਕਾਰਡ ਅਤੇ ਜ਼ਮੀਨ ਦੀ ਜਮਾਂਬੰਦੀ ਨਾਲ ਲੈਕੇ ਜਾਣੀ ਲਾਜ਼ਮੀ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੇਂ-ਸਿਰ ਰਜਿਸਟ੍ਰੇਸ਼ਨ ਕਰਵਾ ਕੇ ਪੀਐੱਮ-ਕਿਸਾਨ ਯੋਜਨਾ ਦਾ ਲਾਭ ਜ਼ਰੂਰ ਲਿਆ ਜਾਵੇ।