ਟਰੈਕਟਰ-ਕੈਂਟਰ ਹਾਦਸੇ ’ਚ ਜ਼ਖ਼ਮੀ ਨੌਜਵਾਨ ਦੀ ਮੌਤ, ਮੁਲਜ਼ਮ ਗ੍ਰਿਫ਼ਤਾਰ
ਟਰੈਕਟਰ–ਕੈਂਟਰ ਹਾਦਸੇ ‘ਚ ਜਖ਼ਮੀ ਨੌਜਵਾਨ ਦੀ ਮੌਤ, ਮੁਲਜ਼ਮ ਗ੍ਰਿਫਤਾਰ
Publish Date: Thu, 05 Mar 2026 08:23 PM (IST)
Updated Date: Thu, 05 Mar 2026 08:26 PM (IST)
- ਵਾਹਨ ਕਬਜ਼ੇ ’ਚ ਨਾ ਲੈਣ ’ਤੇ ਪਿੰਡ ਵਾਸੀਆਂ ਦਾ ਧਰਨਾ ਜਾਰੀ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ : ਕਰੀਬ 20 ਦਿਨ ਪਹਿਲਾਂ ਹੋਏ ਟਰੈਕਟਰ ਅਤੇ ਕੈਂਟਰ ਦੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਪਿੰਡ ਜਗਾ ਰਾਮ ਤੀਰਥ ਦੇ ਨੌਜਵਾਨ ਕੁਲਦੀਪ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਕਾਰਵਾਈ ਵਿਚ ਦੇਰੀ ਦੇ ਦੋਸ਼ ਲਾਉਂਦੇ ਹੋਏ ਧਰਨਾ ਲਗਾ ਦਿੱਤਾ ਗਿਆ, ਜੋ ਖ਼ਬਰ ਲਿਖੇ ਜਾਣ ਤਕ ਜਾਰੀ ਰਿਹਾ। ਐੱਫਆਈਆਰ ਅਨੁਸਾਰ ਘਟਨਾ ਦੌਰਾਨ ਕੁਲਦੀਪ ਸਿੰਘ ਆਪਣੇ ਟਰੈਕਟਰ-ਟਰਾਲੀ ਨੰਬਰ ਪੀਬੀ03ਬੀਕੇ 4458 ’ਤੇ ਸਵਾਰ ਸੀ। ਦਾਣਾ ਮੰਡੀ ਨੇੜੇ ਸਾਹਮਣੇ ਤੋਂ ਆ ਰਹੇ ਕੈਂਟਰ ਨੰਬਰ ਆਰਜੇ-31 ਜੀਬੀ 3786 ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕੁਲਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਤਲਵੰਡੀ ਸਾਬੋ ਅਤੇ ਬਾਅਦ ਵਿਚ ਏਮਜ਼ ਹਸਪਤਾਲ ਬਠਿੰਡਾ ਰੈਫਰ ਕੀਤਾ ਗਿਆ, ਜਿੱਥੇ ਬੁੱਧਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਸ਼ਿਕਾਇਤ ਮ੍ਰਿਤਕ ਦੇ ਭਤੀਜੇ ਗੁਰਲਾਲ ਸਿੰਘ ਵਾਸੀ ਪਿੰਡ ਜਗਾ ਰਾਮ ਤੀਰਥ ਵੱਲੋਂ ਦਰਜ ਕਰਵਾਈ ਗਈ।
ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਕੈਂਟਰ ਡਰਾਈਵਰ ਵਿਨੋਦ ਕੁਮਾਰ ਪੁੱਤਰ ਹੇਤ ਰਾਮ ਵਾਸੀ ਗੋਲੂਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਡਰਾਈਵਰ ਨੂੰ ਹਨੂੰਮਾਨਗੜ੍ਹ ਨੇੜਲੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਬਾਵਜੂਦ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਹਾਦਸੇ ਵਿਚ ਸ਼ਾਮਲ ਕੈਂਟਰ ਨੂੰ ਹਾਲੇ ਤਕ ਥਾਣੇ ਵਿਚ ਕਬਜ਼ੇ ਵਿਚ ਨਹੀਂ ਲਿਆ ਗਿਆ। ਇਸ ਗੱਲ ਨੂੰ ਲੈ ਕੇ ਭਾਵੇਂ ਕਿ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਭਰਾ ਉਦੇਵੀਰ ਸਿੰਘ ਜਗਾਰਾਮ ਤੀਰਥ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਫਿਰ ਵੀ ਲੋਕਾਂ ਵਿਚ ਰੋਸ ਹੈ ਅਤੇ ਇਨਸਾਫ਼ ਦੀ ਮੰਗ ਕਰਦਿਆਂ ਉਨ੍ਹਾਂ ਵੱਲੋਂ ਧਰਨਾ ਜਾਰੀ ਰੱਖਿਆ ਹੋਇਆ ਹੈ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਡੀਐੱਸਪੀ ਹਰਪ੍ਰੀਤ ਸਿੰਘ ਚਹਿਲ ਨੇ ਦੱਸਿਆ ਕਿ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹਾਦਸੇ ਦੌਰਾਨ ਜਿਸ ਕੈਂਟਰ ਦੁਆਰਾ ਟੱਕਰ ਮਾਰੀ ਸੀ, ਉਹ ਟਰੇਸ ਕਰ ਲਿਆ ਗਿਆ ਹੈ ਅਤੇ ਅਤੇ ਜਲਦੀ ਹੀ ਕਸਟਡੀ ਵਿੱਚ ਲੈ ਲਿਆ ਜਾਵੇਗਾ।