ਮਹਿਰਾਜ ਦੇ ਕੋਠੇ ਰੱਥੜੀਆਂ ’ਚ ਸਿਹਤ ਬੀਮਾ ਕਾਰਡ ਬਣਾਉਣ ਲਈ ਲਾਇਆ ਕੈਂਪ
ਮਹਿਰਾਜ ਦੇ ਕੋਠੇ ਰੱਥੜੀਆਂ ਵਿਚ ਸਿਹਤ ਬੀਮਾ ਕਾਰਡ ਬਣਾਉਣ ਲਈ ਕੈਂਪ ਲਾਇਆ
Publish Date: Thu, 05 Mar 2026 07:20 PM (IST)
Updated Date: Thu, 05 Mar 2026 07:23 PM (IST)
ਮਹਿਰਾਜ : ਪਿੰਡ ਮਹਿਰਾਜ ਗ੍ਰਾਮ ਪੰਚਾਇਤ ਰੱਥੜੀਆਂ ਦੀ ਪੰਚਾਇਤ ਵੱਲੋਂ ਆਪਣੀ ਪੰਚਾਇਤ ਵਾਸੀਆਂ ਲਈ ਹਰ ਸਹੂਲਤ ਉਪਲਬਧ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਅੱਜ ਇੱਥੇ ਪੰਚਾਇਤ ਘਰ ਵਿਖੇ ਇਕ ਕੈਂਪ ਲਾਇਆ ਗਿਆ, ਜਿਸ ਵਿੱਚ ਪਿੰਡ ਵਾਸੀਆਂ ਦੇ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਤਕ ਦੇ ਮੁਫ਼ਤ ਇਲਾਜ ਵਾਲੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ। ਇਹ ਕੈਂਪ ਪੰਚਾਇਤ ਘਰ ਰੱਥੜੀਆਂ ਵਿਖੇ 8 ਮਾਰਚ ਤੱਕ ਚੱਲੇਗਾ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਮਹਿਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਵਿੱਚ ਆਮ ਲੋਕਾਂ ਦੀ ਹਰ ਸਹੂਲਤ ਨੂੰ ਮੁੱਖ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ, ਸਿੱਖਿਆ ਅਤੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 10 ਲੱਖ ਰੁਪਏ ਦਾ ਮੁਫ਼ਤ ਇਲਾਜ ਹਰ ਆਮ ਅਤੇ ਖਾਸ ਲਈ ਮੁਫ਼ਤ ਕੀਤਾ ਜਾਣਾ ਬਹੁਤ ਵੱਡੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਡਾਂ ਦਾ ਕੋਈ ਪੈਸਾ ਵੀ ਨਹੀਂ ਦੇਣਾ ਪੈਂਦਾ ਅਤੇ ਨਾ ਹੀ ਕਿਸੇ ਦਾ ਕੋਈ ਪੇਸ਼ਾ ਵੇਖਿਆ ਜਾਂਦਾ ਹੈ। ਲਾਭਪਾਤਰੀ ਸਿਰਫ਼ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਪੰਚਾਇਤ ਲੋਕਾਂ ਦੀ ਸੇਵਾ ਲਈ ਤਨੋਂ ਮਨੋਂ ਮਿਹਨਤ ਕਰ ਰਹੀ ਹੈ। ਪੰਚਾਇਤ ਰੱਥੜੀਆਂ ਵੱਲੋਂ ਮਹਿਰਾਜ ਤੋਂ ਪੂਹਲਾ ਰੋਡ ਨੂੰ 18 ਫੁੱਟ ਚੌੜੀ ਕਰਨ, ਖੂਹੀ ਵਾਲੇ ਰਸਤੇ ਤੇ ਲਿੰਕ ਸੜਕ ਬਣਾਉਣ, ਸਕੂਲ ਅਤੇ ਪੰਚਾਇਤ ਘਰ ਦੀ ਚਾਰਦੀਵਾਰੀ, ਸਕੂਲ ਵਿੱਚ ਕੈਮਰੇ, ਵਾਟਰ ਕੂਲਰ ਅਤੇ ਵਾਟਰ ਫਿਲਟਰ, ਸਕੂਲ ਵਿੱਚ ਇੰਟਰਲਾਕ ਟਾਇਲਾਂ, ਲਾਈਟਾਂ, ਬਾਠ ਰੋਡ ਨੂੰ ਨਵੇਂ ਸਿਰੇ ਤੋਂ ਬਣਾਉਣ, ਕੱਚੇ ਰਸਤਿਆਂ ਦੀ ਮਿਣਤੀ ਕਰ ਕੇ ਮਿੱਟੀ ਪਾਉਣ, ਚਾਰ ਮੋਘਿਆਂ ਦੀ ਪਾਈਪ ਲਾਈਨ ਪਾਉਣ, ਬੱਚਿਆਂ ਲਈ ਖੇਡ ਕਿੱਟ, ਪਾਣੀ ਵਾਲੀ ਮੋਬਾਈਲ ਟੈਂਕੀ, ਬੂਟੇ ਲਗਾਉਣ, ਕੱਚੇ ਘਰ ਪੱਕੇ ਬਣਾਉਣ, ਬਾਰਿਸ਼ਾਂ ਕਾਰਨ ਨੁਕਸਾਨੇ ਘਰਾਂ ਦਾ ਮੁਆਵਜ਼ਾ ਦੇਣ, ਗਲੀਆਂ ਤੇ ਖੜਵੰਜ਼ਾ ਲਗਾਉਣ ਵਰਗੇ ਵਿਕਾਸ ਦੇ ਕੰਮ ਕਰਵਾ ਰਹੀ ਹੈ। ਕੁੱਝ ਕੰਮ ਮੁਕੰਮਲ ਹੋ ਚੁੱਕੇ ਹਨ ਕੁੱਝ ਚੱਲ ਰਹੇ ਹਨ ਅਤੇ ਬਾਕੀ ਰਹਿੰਦੇ ਕੰਮ ਵੀ ਜਲਦੀ ਸ਼ੁਰੂ ਕਰਵਾ ਦਿੱਤੇ ਜਾਣਗੇ। ਉਨ੍ਹਾਂ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲਕਾਰ ਸਿੰਘ ਸਿੱਧੂ ਤੋਂ ਜੋ ਕੁੱਝ ਵੀ ਮੰਗਿਆ ਉਨ੍ਹਾਂ ਕਦੇ ਹੱਥ ਨਹੀਂ ਮੋੜਿਆ ਸਾਡੇ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਹੋ ਰਹੇ ਹਨ। ਇਸ ਮੌਕੇ ਗੁਰਨੈਬ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਅਮਰੀਕ ਸਿੰਘ ਸੈਕਟਰੀ, ਜਗਰਾਜ ਸਿੰਘ, ਨਛੱਤਰ ਸਿੰਘ, ਲਾਡੀ, ਬਖਸ਼ੀਸ਼ ਸਿੰਘ ਆਦਿ ਮੌਜੂਦ ਸਨ।