ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦਾ ਧਰਨਾ ਅੱਜ
ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਦਾ ਵਿਸ਼ਾਲ ਧਰਨਾ ਅੱਜ
Publish Date: Thu, 05 Mar 2026 07:08 PM (IST)
Updated Date: Thu, 05 Mar 2026 07:11 PM (IST)

- ਜਿਉਂਦ ਜ਼ਬਰ ਖ਼ਿਲਾਫ਼ 6 ਦੇ ਮੁਜ਼ਾਹਰੇ ਨੂੰ ਪ੍ਰਸ਼ਾਸਨ ਵੱਲੋਂ ਸਹਿਮਤੀ ਸਾਂਝੇ ਸੰਘਰਸ਼ ਦੀ ਮੁੱਢਲੀ ਜਿੱਤ : ਉਗਰਾਹਾਂ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਪੁਲਿਸ ਵੱਲੋਂ 18 ਫਰਵਰੀ ਨੂੰ ਜਿਉਂਦ ਵਿਖੇ ਕਿਸਾਨਾਂ ਉੱਤੇ ਕੀਤੇ ਜਬਰ ਖ਼ਿਲਾਫ਼ ਪੰਜਾਬ ਦੀਆਂ ਚਾਰ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਬਠਿੰਡਾ ਸ਼ਹਿਰ ’ਚ ਕੀਤੇ ਜਾਣ ਵਾਲੇ ਰੋਹ ਭਰਪੂਰ ਮੁਜ਼ਾਹਰੇ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਬਣੀ ਤਣਾਅਪੂਰਨ ਸਥਿਤੀ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨ-ਮਜ਼ਦੂਰ ਆਗੂਆਂ ਨਾਲ ਮੀਟਿੰਗ ਕਰ ਕੇ ਮੁਜ਼ਾਹਰਾ ਕਰਨ ਦੇ ਹੱਕ ਨੂੰ ਪ੍ਰਵਾਨ ਕਰ ਲਿਆ। ਡੀਆਈਜੀ ਬਠਿੰਡਾ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਤੇ ਜਸਵੀਰ ਸਿੰਘ ਬੁਰਜ ਸੇਮਾ ਅਤੇ ਪ੍ਰਸ਼ਾਸਨ ਵੱਲੋਂ ਡੀਆਈਜੀ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐੱਸਐੱਸਪੀ ਬਠਿੰਡਾ ਸ਼ਾਮਲ ਹੋਏ। ਪ੍ਰਸ਼ਾਸਨ ਵੱਲੋਂ ਲੋਕਾਂ ਦੇ ਜਮਹੂਰੀ ਹੱਕ ਨੂੰ ਪ੍ਰਵਾਨ ਕਰਦਿਆਂ ਇਸ ਰੋਸ ਪ੍ਰਦਰਸ਼ਨ ’ਤੇ ਕਿਸੇ ਤਰ੍ਹਾਂ ਦੀਆਂ ਵੀ ਰੋਕਾਂ ਨਾ ਲਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਪਾਵਰ ਹਾਊਸ ਰੋਡ ਉੱਤੇ ਪੁੱਡਾ ਗਰਾਊਂਡ ਵਿਖੇ ਸੂਬਾ ਪੱਧਰੀ ਇਕੱਠ ਕਰ ਕੇ ਸ਼ਹਿਰ ’ਚ ਮੁਜ਼ਾਹਰਾ ਕਰਨ ਬਾਰੇ ਆਪਣੀ ਸਹਿਮਤੀ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕਿਸਾਨਾਂ ਤੇ ਪੁਲਿਸ ਦਰਮਿਆਨ ਟਕਰਾਅ ਦਾ ਸਾਧਨ ਬਣੇ ਆ ਰਹੇ ਜਿਉਂਦ ਪਿੰਡ ਦੇ ਜ਼ਮੀਨੀ ਮਸਲੇ ਨੂੰ ਆਉਂਦੇ ਦਿਨਾਂ ’ਚ ਸਹਿਮਤੀ ਦੇ ਆਧਾਰ ’ਤੇ ਹੱਲ ਕਰਨ ਦਾ ਵੀ ਵਫ਼ਦ ਨਾਲ ਵਾਅਦਾ ਕੀਤਾ ਗਿਆ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਪ੍ਰਸ਼ਾਸਨ ਵੱਲੋਂ ਇੱਕਵਾਰ ਟਕਰਾਅ ਦਾ ਰਸਤਾ ਛੱਡ ਕੇ ਮੁਜ਼ਾਹਰੇ ਦਾ ਹੱਕ ਪ੍ਰਵਾਨ ਨੂੰ ਲੋਕ ਤਾਕਤ ਦੀ ਮੁੱਢਲੀ ਜਿੱਤ ਕਰਾਰ ਦਿੱਤਾ। ਭਾਵੇਂ ਅੱਜ ਸਵੇਰੇ ਪੁਲਿਸ ਵੱਲੋਂ ਜ਼ਿਲ੍ਹਾ ਮੋਗਾ ਤੇ ਜਲੰਧਰ ਦੇ ਅੰਦਰ ਕੁੱਝ ਕਿਸਾਨ ਆਗੂਆਂ ਦੇ ਘਰੀਂ ਪੁਲਿਸ ਵੱਲੋਂ ਆਗੂਆਂ ਦੀ ਪੈੜ ਨੱਪਣ ਦੀਆਂ ਕੀਤੀਆਂ ਕੋਸ਼ਿਸ਼ਾਂ ਸਦਕਾ ਇਕ ਵਾਰ ਫਿਰ ਸਥਿਤੀ ਤਣਾਅਪੂਰਨ ਬਣ ਗਈ ਸੀ, ਪਰ ਬਾਅਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਕਿਸਾਨ-ਮਜ਼ਦੂਰ ਆਗੂਆਂ ਨਾਲ਼ ਮੀਟਿੰਗ ਕਰ ਕੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੇ ਕਦਮ ਲਏ ਗਏ। ਵਰਨਣਯੋਗ ਹੈ ਕਿ ਬੀਕੇਯੂ ਏਕਤਾ ਉਗਰਾਹਾਂ ਵੱਲੋਂ 18 ਫਰਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਵਿਖੇ ਰੱਖੇ ਸ਼ਾਂਤਮਈ ਧਰਨੇ ਨੂੰ ਰੋਕਣ ਲਈ ਐੱਸਐੱਸਪੀ ਜਯੋਤੀ ਯਾਦਵ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਵੱਲੋਂ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਕਿਸਾਨਾਂ-ਮਜ਼ਦੂਰਾਂ ’ਤੇ ਅੰਨ੍ਹਾ ਤਸ਼ੱਦਦ ਢਾਹੁਣ ਖ਼ਿਲਾਫ਼ ਪੰਜਾਬ ਭਰ ’ਚ ਵਿਆਪਕ ਰੋਸ ਪਣਪ ਗਿਆ ਹੈ ਅਤੇ ਕਿਸਾਨਾਂ, ਪੇਂਡੂ ਤੇ ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ, ਮੁਲਾਜ਼ਮਾਂ, ਵਿਦਿਆਰਥੀਆਂ, ਤਰਕਸ਼ੀਲਾਂ, ਸਾਹਿਤਕ ਕਾਮਿਆਂ ਤੇ ਜਮਹੂਰੀ ਹੱਕਾਂ ਦੀਆਂ ਕਰੀਬ 50 ਜਥੇਬੰਦੀਆਂ ਵੱਲੋਂ ਇੱਕਜੁੱਟ ਹੋ ਕੇ ਇਸ ਜ਼ਬਰ ਖ਼ਿਲਾਫ਼ 6 ਮਾਰਚ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਤੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਜਾਵੇਗੀ ਕਿ ਜਿਉਂਦ ਵਿਖੇ ਜ਼ਬਰ ਢਾਹੁਣ ਦੇ ਦੋਸ਼ ਹੇਠ ਐੱਸਐੱਸਪੀ ਬਠਿੰਡਾ ਜਯੋਤੀ ਯਾਦਵ ਸਮੇਤ ਸਾਰੇ ਅਧਿਕਾਰੀਆਂ ਉੱਤੇ ਪੀੜਤਾਂ ਦੇ ਬਿਆਨਾਂ ਮੁਤਾਬਿਕ ਕੇਸ ਦਰਜ ਕੀਤਾ ਜਾਵੇ, ਇਸ ਜ਼ਬਰ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਵੱਲੋਂ ਜਨਤਕ ਮਾਫ਼ੀ ਮੰਗੀ ਜਾਵੇ, ਸੰਘਰਸ਼ ਦੇ ਜਮਹੂਰੀ ਹੱਕ ਤੇ ਲਾਈਆਂ ਰੋਕਾਂ ਖ਼ਤਮ ਕੀਤੀਆਂ ਜਾਣ, ਪੁਲਿਸ ਵੱਲੋਂ ਜ਼ਖ਼ਮੀ ਕੀਤੇ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਦਿੱਤਾ ਜਾਵੇ ਅਤੇ ਪੀੜਤ ਵਿਅਕਤੀਆਂ ਦੀ ਮਾਨਸਿਕ, ਪਰਿਵਾਰਕ ਤੇ ਸਰੀਰਕ ਪੀੜ ਦੀ ਭਰਪਾਈ ਵਜੋਂ ਹਰਜਾਨਾ ਦਿੱਤਾ ਜਾਵੇ ਅਤੇ ਪੰਜਾਬ ਭਰ ਚ ਅੰਦੋਲਨਾਂ ਦੌਰਾਨ ਸੰਘਰਸ਼ਸ਼ੀਲ ਲੋਕਾਂ ਤੇ ਬਣਾਏ ਸਾਰੇ ਕੇਸ ਵਾਪਸ ਲਏ ਜਾਣ।