ਖਾਦ ਸੁਰੱਖਿਆ ਟੀਮ ਦੀ ਛਾਪੇਮਾਰੀ, ਕਈ ਦੁਕਾਨਾਂ ਤੇ ਰੈਸਟੋਰੈਂਟਾਂ ਤੋਂ ਸੈਂਪਲ ਇਕੱਠੇ
ਖਾਦ ਸੁਰੱਖਿਆ ਟੀਮ ਦੀ ਛਾਪੇਮਾਰੀ, ਕਈ ਦੁਕਾਨਾਂ ਤੇ ਰੈਸਟੋਰੈਂਟਾਂ ਤੋਂ ਸੈਂਪਲ ਇਕੱਠੇ
Publish Date: Thu, 05 Mar 2026 06:58 PM (IST)
Updated Date: Thu, 05 Mar 2026 07:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ ਮੰਡੀ : ਸਿਹਤ ਵਿਭਾਗ ਦੀ ਖਾਦ ਸੁਰੱਖਿਆ ਟੀਮ ਨੇ ਵੀਰਵਾਰ ਨੂੰ ਗੋਨਿਆਣਾ ਖੇਤਰ ਵਿੱਚ ਵੱਖ-ਵੱਖ ਕਰਿਆਨੇ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੀ ਜਾਂਚ ਕੀਤੀ। ਇਸ ਦੌਰਾਨ ਟੀਮ ਵੱਲੋਂ ਕਈ ਖਾਦ ਪਦਾਰਥਾਂ ਦੇ ਸੈਂਪਲ ਇਕੱਠੇ ਕਰ ਕੇ ਲੈਬੋਰਟਰੀ ਜਾਂਚ ਲਈ ਭੇਜੇ ਗਏ ਅਤੇ ਖਾਦ ਸੁਰੱਖਿਆ ਮਿਆਰਾਂ ਦੀ ਪਾਲਣਾ ਦੀ ਜਾਂਚ ਕੀਤੀ ਗਈ। ਟੀਮ ਨੇ ਗੋਨਿਆਣਾ ਵਿੱਚ ਸਥਿਤ ਕਈ ਕਰਿਆਨੇ ਸਟੋਰਾਂ ਦਾ ਨਿਰੀਖਣ ਕੀਤਾ। ਜਾਂਚ ਦੌਰਾਨ ਵਨਸਪਤੀ, ਸਰਸੋਂ ਦਾ ਤੇਲ ਅਤੇ ਦੇਸੀ ਘੀ ਦੇ ਨਮੂਨੇ ਇਕੱਠੇ ਕਰ ਕੇ ਲੈਬੋਰਟਰੀ ਭੇਜੇ ਗਏ। ਇਸ ਤੋਂ ਇਲਾਵਾ 100 ਫੁੱਟ ਰੋਡ ‘ਤੇ ਸਥਿਤ ਵੱਖ-ਵੱਖ ਰੈਸਟੋਰੈਂਟਾਂ ਅਤੇ ਫੂਡ ਆਊਟਲੈੱਟਾਂ ਦੀ ਵੀ ਜਾਂਚ ਕੀਤੀ ਗਈ, ਜਿੱਥੋਂ ਤਿਆਰ ਪ੍ਰੋਟੀਨ ਸਲਾਦ, ਪ੍ਰੋਟੀਨ ਸ਼ੇਕ ਅਤੇ ਵਾਫਲ ਪ੍ਰੀਮਿਕਸ ਫਲੋਰ ਦੇ ਸੈਂਪਲ ਲਏ ਗਏ। ਸਹਾਇਕ ਫੂਡ ਕਮਿਸ਼ਨਰ ਅੰਮ੍ਰਿਤਪਾਲ ਸੋਢੀ ਨੇ ਇਸ ਮੌਕੇ ਸਬੰਧਿਤ ਦੁਕਾਨਦਾਰਾਂ ਅਤੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਦੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਦੀ ਵੀ ਜਾਂਚ ਕੀਤੀ। ਜਾਂਚ ਦੌਰਾਨ ਕੁਝ ਥਾਵਾਂ ’ਤੇ ਖਾਦ ਸੁਰੱਖਿਆ ਨਿਯਮਾਂ ਦੀ ਉਲੰਘਣਾ ਪਾਈ ਗਈ, ਜਿਸ ’ਤੇ ਸਬੰਧਿਤ ਸੰਚਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ। ਟੀਮ ਵੱਲੋਂ ਦੁਕਾਨਦਾਰਾਂ ਅਤੇ ਰੈਸਟੋਰੈਂਟ ਸੰਚਾਲਕਾਂ ਨੂੰ ਖਾਦ ਪਦਾਰਥਾਂ ਦੀ ਗੁਣਵੱਤਾ ਬਣਾਈ ਰੱਖਣ ਅਤੇ ਸਫ਼ਾਈ ’ਤੇ ਖ਼ਾਸ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੂੰ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ ਅਤੇ ਗੁੱਡ ਹਾਈਜੀਨ ਪ੍ਰੈਕਟਿਸ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਪਭੋਗਤਾਵਾਂ ਨੂੰ ਸੁਰੱਖਿਅਤ ਅਤੇ ਗੁਣਵੱਤਾਪੂਰਨ ਖਾਦ ਪਦਾਰਥ ਉਪਲਬਧ ਕਰਵਾਉਣਾ ਵਿਭਾਗ ਦੀ ਪਹਿਲ ਹੈ। ਇਸ ਲਈ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੇ ਨਿਰੀਖਣ ਅਤੇ ਸੈਂਪਲਿੰਗ ਅਭਿਆਨ ਚਲਾਏ ਜਾਂਦੇ ਹਨ। ਭਵਿੱਖ ਵਿੱਚ ਵੀ ਖਾਦ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।