ਕੁੱਟਮਾਰ ਦੇ ਵੱਖ-ਵੱਖ ਮਾਮਲਿਆਂ ’ਚ 18 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਕੁੱਟਮਾਰ ਦੇ ਵੱਖ-ਵੱਖ ਮਾਮਲਿਆਂ ਵਿੱਚ 18 ਵਿਅਕਤੀਆਂ ਖਿਲਾਫ ਕੇਸ ਦਰਜ
Publish Date: Thu, 05 Mar 2026 06:52 PM (IST)
Updated Date: Thu, 05 Mar 2026 06:53 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਕੁੱਟਮਾਰ ਦੇ ਵੱਖ-ਵੱਖ ਮਾਮਲਿਆਂ ਵਿੱਚ 18 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਬਠਿੰਡਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮਨਪ੍ਰੀਤ ਕੌਰ ਵਾਸੀ ਪਿੰਡ ਬੀੜ ਤਲਾਬ ਨੇ ਦੱਸਿਆ ਕਿ ਜਗਪ੍ਰੀਤ ਸਿੰਘ, ਸੁਖਵਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਵਾਸੀ ਬੀੜ ਤਲਾਬ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਅੰਦਰ ਦਾਖਲ ਹੋਏ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਘਰ ਦੀ ਭੰਨਤੋੜ ਕੀਤੀ ਅਤੇ ਧਮਕੀਆਂ ਦਿੱਤੀਆਂ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਕਿਰਦਾਰ ਕਰ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਹੈ। ਇਸ ਤਰ੍ਹਾਂ ਹੀ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਰਣਦੀਪ ਸਿੰਘ ਵਾਸੀ ਰਾਮਪੁਰਾ ਮੰਡੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਭੁਪਿੰਦਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਹਰਪ੍ਰੀਤ ਸਿੰਘ ਵਾਸੀ ਰਾਮਪੁਰਾ ਮੰਡੀ, ਗੁੱਲੀ ਸਿੰਘ ਵਾਸੀ ਨੇੜੇ ਬਾਜ ਵਾਲੀ ਕੋਠੀ ਟਿੱਬਾ ਬਸਤੀ ਰਾਮਪੁਰਾ ਮੰਡੀ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤਲਵਾਰਾਂ ਨਾਲ ਸੱਟਾਂ ਮਾਰੀਆਂ। ਪੀੜਤ ਨੇ ਦੱਸਿਆ ਕਿ ਹਮਲੇ ਦਾ ਕਾਰਨ ਪੁਰਾਣਾ ਝਗੜਾ ਹੈ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਥਾਣਾ ਨਥਾਣਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਗੁਰਮੀਤ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ ਨੇ ਦੱਸਿਆ ਕਿ ਪੁਰਾਣੇ ਝਗੜੇ ਕਾਰਨ ਕੱਲੂ ਸਿੰਘ, ਮਲਕੀਤ ਸਿੰਘ, ਕੇਸਰ ਸਿੰਘ, ਮਨਪ੍ਰੀਤ ਕੌਰ, ਸ਼ਿੰਦਾ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਪਰ ਹਾਲੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਇਸ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਲਖਬੀਰ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਪੁਰਾਣੇ ਝਗੜੇ ’ਤੇ ਚਲਦਿਆਂ ਜਸ, ਜੱਸੀ, ਅਨੀਤਾ ਵਾਸੀਆਨ ਰਾਮਪੁਰਾ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਪਰ ਹਾਲੇ ਤਕ ਉਨ੍ਹਾਂ ਦੀ ਗ੍ਰਿ੍ਫ਼ਤਾਰੀ ਨਹੀਂ ਹੋਈ। ਇਸ ਤਰ੍ਹਾਂ ਹੀ ਥਾਣਾ ਸਦਰ ਬਠਿੰਡਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸਵਰਨਜੀਤ ਕੌਰ ਵਾਸੀ ਪਿੰਡ ਤਿਓਣਾ ਨੇ ਦੱਸਿਆ ਕਿ ਪੂਨਮਜੀਤ ਕੌਰ, ਸ਼ਿਵਕਰਨ ਸਿੰਘ, ਅੰਗਰੇਜ਼ ਸਿੰਘ, ਮਲਕੀਤ ਕੌਰ ਅਤੇ ਵੀਰਪਾਲ ਕੌਰ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਹਨ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।