- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਧ ਰਹੀ ਗਰਮੀ ਕਾਰਨ ਕਣਕ ਦੀ ਪੈਦਾਵਾਰ ‘ਤੇ ਪੈ ਸਕਦਾ ਹੈ ਅਸਰ, ਖੇਤੀ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਈਡਲਾਈਨ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਜ਼ਿਲ੍ਹੇ ਵਿੱਚ ਫਰਵਰੀ ਮਹੀਨੇ ਤੋਂ ਹੀ ਤਾਪਮਾਨ ਵਿੱਚ ਹੋ ਰਿਹਾ ਵਾਧੇ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿੱਚ ਆਈ ਗਰਮੀ ਕਾਰਨ ਕਣਕ ਦੀ ਫਸਲ ’ਤੇ ਨਕਾਰਾਤਮਕ ਪ੍ਰਭਾਵ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਖੇਤੀ ਮਾਹਿਰਾਂ ਅਨੁਸਾਰ ਜੇ ਮਾਰਚ ਮਹੀਨੇ ਵਿੱਚ ਵੀ ਤਾਪਮਾਨ ਇਸੇ ਤਰ੍ਹਾਂ ਆਮ ਤੋਂ ਉੱਚਾ ਰਹੇਗਾ ਤਾਂ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਲਈ ਖਾਸ ਗਾਈਡਲਾਈਨ ਜਾਰੀ ਕੀਤੀਆਂ ਹਨ। ਮੌਸਮ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਵੱਧ ਤੋਂ ਵੱਧ ਤਾਪਮਾਨ ਲਗਾਤਾਰ ਆਮ ਤੋਂ ਉੱਪਰ ਦਰਜ ਕੀਤਾ ਗਿਆ। ਇਸ ਕਾਰਨ 10 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਸੈਲਸੀਅਸ ਸੀ, ਜਦਕਿ 14 ਅਤੇ 15 ਫਰਵਰੀ ਨੂੰ ਇਹ ਲਗਭਗ 26 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। 16 ਫਰਵਰੀ ਨੂੰ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਲਈ ਅਸਾਧਾਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਵੀ ਕਈ ਦਿਨਾਂ ਤਕ ਤਾਪਮਾਨ 25 ਤੋਂ 27 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਆ, ਜਦਕਿ ਘੱਟ ਤੋਂ ਘੱਟ ਤਾਪਮਾਨ ਵੀ ਕਈ ਦਿਨਾਂ ਵਿੱਚ 12 ਤੋਂ 14 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਦਾ ਬੱਲੀਆਂ ਵਿਚ ਦਾਣਾ ਬਣ ਰਿਹਾ ਹੈ। ਇਸ ਪੜਾਅ ਦੌਰਾਨ ਜੇਕਜ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਵੱਧ ਰਹਿੰਦਾ ਹੈ, ਤਾਂ ਦਾਣਿਆਂ ਦਾ ਆਕਾਰ ਅਤੇ ਵਜ਼ਨ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਪੈਦਾਵਾਰ ਘਟਣ ਦੀ ਸੰਭਾਵਨਾ ਬਣਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਵੀ ਫਰਵਰੀ-ਮਾਰਚ ਦੌਰਾਨ ਅਚਾਨਕ ਤਾਪਮਾਨ ਵੱਧਣ ਨਾਲ ਕਣਕ ਦੀ ਪੈਦਾਵਾਰ ’ਤੇ ਅਸਰ ਪਿਆ ਸੀ। ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 10 ਤੋਂ 15 ਮਨ ਤਕ ਦਾ ਨੁਕਸਾਨ ਉਠਾਉਣਾ ਪਿਆ।
ਮਾਰਚ ਮਹੀਨੇ ਦੌਰਾਨ ਤਾਪਮਾਨ ਵਿੱਚ ਹੋ ਰਹੇ ਅਸਾਧਾਰਨ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਲਈ ਕਣਕ ਦੀ ਫ਼ਸਲ ਸਬੰਧੀ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸਿੱਧੂ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕਣਕ ਦੀ ਫਸਲ ਦਾਣਾ ਬਣਨ ਅਤੇ ਦਾਣਾ ਭਰਨ ਦੇ ਅਹਿਮ ਪੜਾਅ ਵਿੱਚ ਹੈ, ਜਿਸ ਦੌਰਾਨ ਵੱਧ ਤਾਪਮਾਨ ਫ਼ਸਲ ਦੀ ਉਪਜ ਅਤੇ ਗੁਣਵੱਤਾ ’ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਉੱਚ ਤਾਪਮਾਨ ਕਾਰਨ ਦਾਣੇ ਦੀ ਭਰਾਵਟ ਘਟਣ ਦੀ ਸੰਭਾਵਨਾ ਹੁੰਦੀ ਹੈ, ਜਿਸ ਨਾਲ ਪੈਦਾਵਾਰ ਵਿੱਚ ਕਮੀ ਆ ਸਕਦੀ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਸਲ ਨੂੰ ਗਰਮੀ ਦੇ ਤਣਾਅ ਤੋਂ ਬਚਾਉਣ ਲਈ ਸਮੇਂ-ਸਿਰ ਜ਼ਰੂਰੀ ਕਦਮ ਚੁੱਕਣ ਅਤੇ ਵਿਭਾਗ ਵੱਲੋਂ ਜਾਰੀ ਸਿਫਾਰਸ਼ਾਂ ਦੀ ਪਾਲਣਾ ਯਕੀਨੀ ਬਣਾਉਣ। ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਕਣਕ ਦੀ ਫਸਲ ਵਿੱਚ ਮਿੱਟੀ ਦੀ ਨਮੀ ਕਾਇਮ ਰੱਖਣ ਲਈ ਲੋੜ ਅਤੇ ਖ਼ਾਸ ਕਰਕੇ ਦਾਣਾ ਭਰਨ ਦੇ ਪੜਾਅ ਦੌਰਾਨ ਅਨੁਸਾਰ ਹਲਕੀ ਸਿੰਚਾਈ ਕੀਤੀ ਜਾਵੇ। ਸਿੰਚਾਈ ਸਵੇਰੇ ਜਲਦੀ ਜਾਂ ਸ਼ਾਮ ਦੇ ਸਮੇਂ ਕੀਤੀ ਜਾਵੇ ਤਾਂ ਜੋ ਵਾਸ਼ਪੀਕਰਨ ਘੱਟ ਹੋਵੇ ਅਤੇ ਪਾਣੀ ਦੀ ਬਚਤ ਹੋ ਸਕੇ। ਬਿਨਾਂ ਲੋੜ ਨਾਈਟਰੋਜਨ ਖਾਦਾਂ ਦੀ ਵਾਧੂ ਵਰਤੋਂ ਤੋਂ ਪ੍ਰਹੇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਗਰਮੀ ਦਾ ਅਸਰ ਵੱਧ ਸਕਦਾ ਹੈ। ਇਸ ਤੋਂ ਇਲਾਵਾ ਫਸਲ ਵਿੱਚ ਨਦੀਨਾਂ, ਕੀਟਾਂ ਅਤੇ ਬਿਮਾਰੀਆਂ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ ਅਤੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ’ਤੇ ਤੁਰੰਤ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ। ਖੇਤਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਨਿਕਾਸ ਪ੍ਰਬੰਧ ਸੁਚਾਰੂ ਰੱਖਿਆ ਜਾਵੇ। ਤਾਪਮਾਨੀ ਤਣਾਅ ਘਟਾਉਣ ਅਤੇ ਦਾਣੇ ਦੀ ਭਰਾਵਟ ਸੁਧਾਰਣ ਲਈ 13:0:45 (ਪੋਟਾਸ਼ੀਅਮ ਨਾਈਟ੍ਰੇਟ) ਦਾ ਛਿੜਕਾਅ ਸਿਫਾਰਸ਼ ਅਨੁਸਾਰ ਕੀਤਾ ਜਾ ਸਕਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਰੀ ਕੀਤੀਆਂ ਸਲਾਹਾਂ ਦੀ ਪੂਰੀ ਪਾਲਣਾ ਕਰਕੇ ਕਣਕ ਦੀ ਫਸਲ ਨੂੰ ਉੱਚ ਤਾਪਮਾਨ ਦੇ ਪ੍ਰਭਾਵਾਂ ਤੋਂ ਬਚਾਉਣ ਅਤੇ ਵੱਧ ਤੋਂ ਵੱਧ ਉਤਪਾਦਨ ਯਕੀਨੀ ਬਣਾਉਣ।