- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨ ਦੀ ਹੱਤਿਆ ਦੇ ਦੋਸ਼ 'ਚ ਜੀਜਾ-ਸਾਲਾ ਗ੍ਰਿਫਤਾਰ

– ਪ੍ਰੇਮ ਸਬੰਧਾਂ ਕਾਰਨ ਹੱਤਿਆ ਕਰ ਕੇ ਲਾਸ਼ ਨਹਿਰ ’ਚ ਸੁੱਟੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਥਾਣਾ ਥਰਮਲ ਪੁਲਿਸ ਨੇ 32 ਸਾਲਾ ਨੌਜਵਾਨ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿੱਚ ਸੁੱਟਣ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਜ਼ਮਲ ਆਪਸ ਵਿੱਚ ਜੀਜਾ-ਸਾਲਾ ਹਨ। ਮਾਮਲੇ ਦਾ ਖੁਲਾਸਾ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੀਤਾ। ਐੱਸਪੀ ਸਿਟੀ ਨੇ ਦੱਸਿਆ ਕਿ ਰਾਮਕ੍ਰਿਸ਼ਨ (32) ਵਾਸੀ ਬਠਿੰਡਾ ਦੇ ਲਾਪਤਾ ਹੋਣ ਦੀ ਸੂਚਨਾ ਉਸ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ। ਜਾਂਚ ਦੌਰਾਨ ਉਸ ਦੀ ਭੈਣ ਰਮਨਦੀਪ ਕੌਰ ਦੇ ਨਾਂ ਰਜਿਸਟਰ ਕਾਰ ਸਰਹਿੰਦ ਨਹਿਰ ਦੇ ਕਿਨਾਰੇ ਲਾਵਾਰਿਸ ਹਾਲਤ ਵਿੱਚ ਮਿਲੀ। ਸ਼ੁਰੂਆਤੀ ਜਾਂਚ ਖੁਦਕੁਸ਼ੀ ਦੇ ਕੋਣੇ ਤੋਂ ਕੀਤੀ ਗਈ, ਪਰ ਹਾਲਾਤ ਸ਼ੱਕੀ ਪਾਏ ਗਏ। ਇਸ ਤੋਂ ਬਾਅਦ ਪੁਲਿਸ ਨੇ ਹੱਤਿਆ ਦੇ ਸ਼ੱਕ ਹੇਠ ਮਾਮਲਾ ਦਰਜ ਕਰ ਜਾਂਚ ਤੇਜ਼ ਕਰ ਦਿੱਤੀ। ਪੁਲਿਸ ਨੇ ਵੱਖ-ਵੱਖ ਸੋਰਸਾਂ ਦੇ ਆਧਾਰ ’ਤੇ ਜਲਦੀ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਕਤਲ ਨਾਜਾਇਜ਼ ਸਬੰਧਾਂ ਦਾ ਨਤੀਜਾ ਦੱਸਿਆ ਗਿਆ ਹੈ।
ਭੈਣ ਦੀ ਸ਼ਿਕਾਇਤ ’ਤੇ ਮਾਮਲਾ ਦਰਜ : ਮ੍ਰਿਤਕ ਦੀ ਭੈਣ ਰਮਨਦੀਪ ਕੌਰ ਵਾਸੀ ਬੱਲਾ ਰਾਮ ਨਗਰ ਬਠਿੰਡਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਗੁਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਸਾਜ਼ਿਸ਼ ਤਹਿਤ ਉਸ ਦੇ ਭਰਾ ਦੀ ਹੱਤਿਆ ਕੀਤੀ। ਪੁਲਿਸ ਅਨੁਸਾਰ ਰਮਨਦੀਪ ਕੌਰ ਅਤੇ ਦੋਸ਼ੀ ਸੁਖਬੀਰ ਸਿੰਘ ਵਿੱਚ ਪ੍ਰੇਮ ਸਬੰਧ ਸਨ, ਜਿਨ੍ਹਾਂ ਦਾ ਰਾਮ ਕ੍ਰਿਸ਼ਨ ਵਿਰੋਧ ਕਰਦਾ ਸੀ। ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਮੁਤਾਬਿਕ ਕੁਝ ਦਿਨ ਪਹਿਲਾਂ ਮੁਲਜ਼ਮਾਂ ਨੇ ਰਾਮਕ੍ਰਿਸ਼ਨ ਨੂੰ ਆਪਣੇ ਕੋਲ ਬੁਲਾਇਆ। ਤਿੰਨੇ ਕਾਰ ਵਿੱਚ ਸਵਾਰ ਹੋ ਕੇ ਸਰਹਿੰਦ ਨਹਿਰ ਵੱਲ ਗਏ। ਉੱਥੇ ਕਿਸੇ ਗੱਲ ਨੂੰ ਲੈ ਕੇ ਕਹਾਸੁਨੀ ਹੋਈ, ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਲਾਠੀਆਂ ਨਾਲ ਉਸ ਦੇ ਸਿਰ 'ਤੇ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਸਬੂਤ ਮਿਟਾਉਣ ਲਈ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਕਾਰ ਨਹਿਰ ਕਿਨਾਰੇ ਛੱਡ ਕੇ ਫ਼ਰਾਰ ਹੋ ਗਏ।
ਹਾਦਸਾ ਦਿਖਾਉਣ ਦੀ ਕੋਸ਼ਿਸ਼ : ਸ਼ਿਕਾਇਤ ਵਿੱਚ ਇਹ ਵੀ ਦਰਜ ਹੈ ਕਿ 28 ਫਰਵਰੀ ਨੂੰ ਰਮਨਦੀਪ ਕੌਰ ਆਪਣੇ ਭਰਾ ਨਾਲ ਮੁਲਜ਼ਮ ਸੁਖਬੀਰ ਸਿੰਘ ਦੀ ਭੈਣ ਦੇ ਘਰ ਗੋਪਾਲ ਨਗਰ ਗਈ ਸੀ। ਉੱਥੇ ਤਿੰਨਾਂ ਨੌਜਵਾਨਾਂ ਨੇ ਸ਼ਰਾਬ ਪੀਤੀ। ਇਸ ਦੌਰਾਨ ਰਾਮਕ੍ਰਿਸ਼ਨ ਅਤੇ ਸੁਖਬੀਰ ਸਿੰਘ ਵਿਚਾਲੇ ਤਕਰਾਰ ਹੋਈ। ਦੋਸ਼ ਹੈ ਕਿ ਬਾਅਦ ਵਿੱਚ ਸੁਖਬੀਰ ਸਿੰਘ ਰਮਨਦੀਪ ਨੂੰ ਆਪਣੀ ਕਾਰ ਵਿੱਚ ਘਰ ਛੱਡਣ ਗਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਅਗਲੇ ਦਿਨ 1 ਮਾਰਚ ਨੂੰ ਸੁਖਬੀਰ ਸਿੰਘ ਦੇ ਪਿਤਾ ਨੇ ਰਮਨਦੀਪ ਕੌਰ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਕਾਰ ਦਾ ਸੰਤੁਲਨ ਵਿਗੜਣ ਕਾਰਨ ਉਹ ਨਹਿਰ ਵਿੱਚ ਜਾ ਡਿੱਗੀ। ਉਨ੍ਹਾਂ ਦਾਅਵਾ ਕੀਤਾ ਕਿ ਗੁਰਪ੍ਰੀਤ ਅਤੇ ਸੁਖਬੀਰ ਤਾਂ ਬਾਹਰ ਨਿਕਲ ਆਏ, ਪਰ ਰਾਮਕ੍ਰਿਸ਼ਨ ਨਹਿਰ ਵਿੱਚ ਵਹਿ ਗਿਆ। ਪੁਲਿਸ ਜਾਂਚ ਵਿੱਚ ਇਹ ਕਹਾਣੀ ਸ਼ੱਕੀ ਪਾਈ ਗਈ।
ਐੱਨਡੀਆਰਐੱਫ ਵੱਲੋਂ ਭਾਲ ਜਾਰੀ : ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਨਹਿਰ ਵਿੱਚ ਲਾਸ਼ ਦੀ ਭਾਲ ਲਈ ਲਾਇਆ ਹੈ। ਦੋ ਦਿਨ ਦੀ ਭਾਲ ਦੇ ਬਾਵਜੂਦ ਹਾਲੇ ਤਕ ਲਾਸ਼ ਬਰਾਮਦ ਨਹੀਂ ਹੋ ਸਕੀ। ਨਹਿਰ ਹੋਰ ਜ਼ਿਲ੍ਹਿਆਂ ਵਿੱਚੋਂ ਵੀ ਲੰਘਦੀ ਹੈ, ਇਸ ਲਈ ਸਬੰਧਿਤ ਜ਼ਿਲ੍ਹਿਆਂ ਦੀ ਪੁਲਿਸ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ। ਥਾਣਾ ਥਰਮਲ ਪੁਲਿਸ ਮੁਤਾਬਿਕ ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਮੁੱਢਲੀ ਜਾਂਚ ਵਿੱਚ ਹੱਤਿਆ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹੋਰ ਤੱਥ ਸਾਹਮਣੇ ਲਿਆਂਦੇ ਜਾਣਗੇ। ਲਾਸ਼ ਦੀ ਬਰਾਮਦਗੀ ਲਈ ਕੋਸ਼ਿਸ਼ਾਂ ਜਾਰੀ ਹਨ।