ਰਜਵਾਹੇ ’ਚ ਨਹਾਉਂਦੇ ਸਮੇਂ ਨੌਜਵਾਨ ਦੀ ਡੁੱਬਣ ਨਾਲ ਮੌਤ
ਰਜਵਾਹੇ ’ਚ ਨਹਾਉਦੇ ਸਮੇਂ ਨੌਜਵਾਨ ਦੀ ਡੁੱਬਣ ਨਾਲ ਮੌਤ, ਐਨਡੀਆਰਐਫ ਨੇ ਇਕ ਘੰਟੇ ਬਾਅਦ ਕੱਢੀ ਲਾਸ਼
Publish Date: Thu, 05 Mar 2026 05:59 PM (IST)
Updated Date: Thu, 05 Mar 2026 06:02 PM (IST)

- ਐੱਨਡੀਆਰਐੱਫ ਨੇ ਇੱਕ ਘੰਟੇ ਬਾਅਦ ਕੱਢੀ ਲਾਸ਼ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸਥਾਨਕ ਆਈਟੀਆਈ ਨੇੜੇ ਸਥਿਤ ਰਜਵਾਹੇ ਵਿੱਚ ਬੁੱਧਵਾਰ ਨੂੰ ਨਹਾਉਂਦੇ ਸਮੇਂ ਇਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਐੱਨਡੀਆਰਐੱਫ ਦੀ ਟੀਮ ਨੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ। ਮਿਲੀ ਜਾਣਕਾਰੀ ਮੁਤਾਬਕ ਹੋਲੀ ਦੇ ਦਿਨ ਬੁੱਧਵਾਰ ਨੂੰ ਸਾਈਂ ਨਗਰ ਨੇੜੇ ਰਜਵਾਹੇ ਵਿੱਚ ਤਿੰਨ ਨੌਜਵਾਨ ਨਹਾ ਰਹੇ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਵਿੱਚੋਂ ਇਕ ਨੌਜਵਾਨ ਗਹਿਰੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬ ਗਿਆ। ਉਸ ਦੇ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਘਟਨਾ ਦੀ ਸੂਚਨਾ ਤੁਰੰਤ ਸਹਾਰਾ ਜਨ ਸੇਵਾ ਦੇ ਮੁੱਖ ਦਫ਼ਤਰ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਜਸਕਰਨ ਮੋਖਾ, ਸੰਦੀਪ ਗਿੱਲ ਅਤੇ ਹਰਮਨਦੀਪ ਸਿੰਘ ਮੌਕੇ ’ਤੇ ਪਹੁੰਚੇ। ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਫ਼ੀ ਸਮੇਂ ਤਕ ਨੌਜਵਾਨ ਦੀ ਤਲਾਸ਼ ਕੀਤੀ ਪਰ ਕੋਈ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਐੱਨਡੀਆਰਐੱਫ ਨੂੰ ਸੂਚਿਤ ਕੀਤਾ ਗਿਆ। ਐੱਨਡੀਆਰਐੱਫ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਲਗਭਗ ਇਕ ਘੰਟੇ ਤਕ ਚੱਲੇ ਸਰਚ ਆਪ੍ਰੇਸ਼ਨ ਤੋਂ ਬਾਅਦ ਟੀਮ ਨੇ ਪਾਣੀ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ। ਮ੍ਰਿਤਕ ਦੀ ਪਛਾਣ ਸੇਵਕ ਸਿੰਘ (23) ਵਾਸੀ ਅਰਜੁਨ ਨਗਰ ਵਜੋਂ ਹੋਈ ਹੈ। ਸਹਾਰਾ ਜਨ ਸੇਵਾ ਦੀ ਟੀਮ ਨੇ ਲਾਸ਼ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਇਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਰਜਵਾਹੇ ਦੇ ਆਲੇ-ਦੁਆਲੇ ਪੱਕੇ ਸੁਰੱਖਿਆ ਪ੍ਰਬੰਧ ਕਰਨ ਅਤੇ ਚਿਤਾਵਨੀ ਬੋਰਡ ਲਗਾਉਣ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾ ਤੋਂ ਬਚਿਆ ਜਾ ਸਕੇ।