ਵੈਟਰਨ ਖੇਡਾਂ ਲਈ ਸੈਣੀ ਵੱਲੋਂ ਚੈੱਕ ਭੇਟ
ਵੈਟਰਨ ਖੇਡਾਂ ਲਈ ਗੁਰਦਿਆਲ ਸਿੰਘ ਸੈਣੀ ਵੱਲੋਂ ਪੰਜਾਹ ਹਜਾਰ ਰੁਪਏ ਦਾ ਚੈੱਕ ਭੇਂਟ
Publish Date: Thu, 05 Mar 2026 05:18 PM (IST)
Updated Date: Thu, 05 Mar 2026 05:20 PM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ : 45ਵੀਂ ਨੈਸ਼ਨਲ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਜੋ ਮਿਲਖਾ ਸਿੰਘ ਵੈਟਰਨ ਐਥਲੈਟਿਕਸ ਕਲੱਬ ਦੇ ਸਹਿਯੋਗ ਨਾਲ ਗੁਰੂ ਕਾਸੀ਼ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ 14 ਤੋਂ 16 ਮਾਰਚ ਨੂੰ ਹੋ ਰਹੀ ਹੈ। ਇਸ ਵਿਚ ਪੂਰੇ ਭਾਰਤ ਵਰਸ਼ ਵਿੱਚੋਂ ਤਕਰੀਬਨ 850 ਐਥਲੀਟ ਪਹੁੰਚ ਰਹੇ ਹਨ। ਇਸ ਮੀਟ ਨੂੰ ਸਫ਼ਲ ਬਣਾਉਣ ਲਈ ਮੀਤ ਪ੍ਰਧਾਨ ਇੰਜ. ਗੁਰਬੀਰ ਸਿੰਘ ਅਤੇ ਜਨਰਲ ਸਕੱਤਰ ਮੋਹਨ ਲਾਲ ਬਾਂਸਲ ਨੇ ਸਮੁੱਚੇ ਪੰਜਾਬ ਦੇ ਐਥਲੀਟਾਂ ਨੂੰ ਨਾਲ ਲੈ ਕੇ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਚੰਡੀਗੜ੍ਹ ਤੋਂ ਲੰਬੇ ਸਮੇਂ ਤੋਂ ਐਥਲੈਟਿਕਸ ਦੀ ਸਰਪ੍ਰਸਤੀ ਕਰ ਰਹੇ ਸੈਕਟਰੀ ਗੁਰਦਿਆਲ ਸਿੰਘ ਸੈਣੀ ਵੀ ਕੱਲ੍ਹ ਉਚੇਚੇ ਤੌਰ ’ਤੇ ਗਰਾਊਂਡ ਦਾ ਦੌਰਾ ਕਰਨ ਲਈ ਤਲਵੰਡੀ ਸਾਬੋ ਪਹੁੰਚੇ। ਇੱਥੋਂ ਦੇ ਸਾਰੇ ਪ੍ਰਬੰਧਾਂ ਤੋਂ ਖੁਸ਼ ਹੋ ਕੇ ਸੈਣੀ ਸਾਹਿਬ ਨੇ ਆਪਣੇ ਨਿੱਜੀ ਖਾਤੇ ਵਿੱਚੋਂ ਕਲੱਬ ਨੂੰ 50,000 ਰੁਪਏ ਦਾ ਚੈੱਕ ਭੇਟ ਕੀਤਾ ਤਾਂ ਕਿ ਇਹ ਮੀਟ ਇਕ ਯਾਦਗਾਰੀ ਮੀਟ ਹੋ ਨਿੱਬੜੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਖਿਡਾਰੀ ਅਤੇ ਸਮਾਜ ਸੇਵੀ ਬੂਟਾ ਸਿੰਘ ਅਬੋਹਰ ਵੱਲੋਂ ਵੀ ਖੇਡ ਗਰਾਊਂਡ ਵਿਚ ਤਿੰਨੇ ਦਿਨ ਛਬੀਲ ਲਾਉਣ ਦੀ ਸੇਵਾ ਲਈ ਗਈ। ਅੰਤਰਰਾਸ਼ਟਰੀ ਪੱਧਰ ’ਤੇ ਧੁੰਮਾ ਪਾਉਣ ਵਾਲਾ ਪੰਜਾਬੀ ਜੋੜਾ ਮਹਿੰਦਰ ਸਿੰਘ, ਜਸਪਾਲ ਅਤੇ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਵੱਲੋਂ ਵੀ 10000 ਰੁਪਏ ਦੀ ਸੇਵਾ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਦਿੱਤੀ ਗਈ। ਖੇਡਾਂ ਦੇ ਖੇਤਰ ਵਿਚ ਨਾਮਣਾ ਕਮਾਉਣ ਵਾਲੇ ਸੇਵਾ ਮੁਕਤ ਸੂਬੇਦਾਰ ਹਰਭਜਨ ਸਿੰਘ ਨੇ ਵੀ 5000 ਰੁਪਏ ਦੇ ਕੇ ਕਲੱਬ ਦੇ ਮਾਨ ਸਨਮਾਨ ਵਿਚ ਵਾਧਾ ਕੀਤਾ।