ਕਾਂਗਰਸ ਵੱਲੋਂ ਲਾਏ ‘ਯੁੱਧ ਗੱਪਾਂ ਵਿਰੁੱਧ’ ਪੋਸਟਰਾਂ ਨਾਲ ਸਿਆਸੀ ਤਕਰਾਰ ਤੇਜ਼
ਕਾਂਗਰਸ ਵੱਲੋਂ ਲਾਏ “ਯੁੱਧ ਗੱਪਾਂ ਵਿਰੁੱਧ” ਪੋਸਟਰਾਂ ਨਾਲ ਸਿਆਸੀ ਤਕਰਾਰ ਤੇਜ਼
Publish Date: Thu, 05 Mar 2026 05:13 PM (IST)
Updated Date: Thu, 05 Mar 2026 05:14 PM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਦਿਹਾਤੀ ਦੇ ਪਿੰਡਾਂ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਕਾਂਗਰਸ ਪਾਰਟੀ ਵੱਲੋਂ ‘ਯੁੱਧ ਗੱਪਾਂ ਵਿਰੁੱਧ’ ਸਿਰਲੇਖ ਹੇਠ ਲਗਾਏ ਗਏ ਪੋਸਟਰਾਂ ਨੇ ਇਲਾਕੇ ਵਿੱਚ ਚਰਚਾ ਨੂੰ ਨਵਾਂ ਮੋੜ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਡਾ. ਜੀਵਨਜੋਤ ਕੌਰ ਭੱਟੀ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਪੋਸਟਰਾਂ ਰਾਹੀਂ ਔਰਤਾਂ ਨੂੰ ਮਹੀਨਾਵਾਰ 1000 ਰੁਪਏ ਦੇ ਵਾਅਦੇ ਦੀ ਯਾਦ ਦਿਵਾਈ ਗਈ ਹੈ ਅਤੇ ਚਾਰ ਸਾਲਾਂ ਦੇ ਬਕਾਏ ਵਜੋਂ 48,000 ਰੁਪਏ ਦੀ ਗੱਲ ਉਠਾਈ ਗਈ ਹੈ। ਪਿੰਡਾਂ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਲੱਗੇ ਇਹ ਪੋਸਟਰ ਸਿਆਸੀ ਮਾਹੌਲ ਨੂੰ ਗਰਮ ਕਰ ਰਹੇ ਹਨ, ਪਰ ਆਮ ਔਰਤਾਂ ਨੂੰ ਇਸ ਹਿਸਾਬ ਕਿਤਾਬ ਬਾਰੇ ਬਾਰੇ ਬਹੁਤੀ ਜਾਣਕਾਰੀ ਹੋਵੇ ਜਾਂ ਨਾ ਹੋਵੇ ਪਰ ਸਿਆਸੀ ਪਾਰਟੀਆਂ ਦੇ ਵਧੀਆ ਅਹੁਦਿਆਂ ’ਤੇ ਬਿਰਾਜਮਾਨ ਔਰਤਾਂ ਨੇ ਇਹ ਹਿਸਾਬ ਕਿਤਾਬ ਬਣਾ ਰੱਖਿਆ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਚੇਅਰਮੈਨ ਪਰਮਜੀਤ ਸਿੰਘ ਕੋਟ ਫੱਤਾ ਨੇ ਕਿਹਾ ਕਿ ਮੌਜੂਦਾ ਸਰਕਾਰ ਹੌਲੀ-ਹੌਲੀ ਪਰ ਪੱਕੇ ਕਦਮਾਂ ਨਾਲ ਪੰਜਾਬ ਦੇ ਵੱਖ-ਵੱਖ ਮਸਲਿਆਂ ਨੂੰ ਸੁਲਝਾ ਰਹੀ ਹੈ। ਪਿਛਲੀਆਂ ਸਰਕਾਰਾਂ ਤੋਂ ਮਿਲੇ ਆਰਥਿਕ ਬੋਝ ਅਤੇ ਪ੍ਰਸ਼ਾਸਨਿਕ ਗੜਬੜੀ ਨੂੰ ਸਾਧਾਰਨ ਲਈ ਸਮਾਂ ਲੱਗਦਾ ਹੈ, ਪਰ ਫਿਰ ਵੀ ਸਰਕਾਰ ਵੱਲੋਂ ਸਿੱਖਿਆ, ਸਿਹਤ, ਸੜਕਾਂ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ’ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਸਿਰਫ਼ ਇਕੋ ਮੁੱਦੇ ਨੂੰ ਉੱਭਾਰ ਕੇ ਰਾਜਨੀਤੀ ਕਰ ਰਹੇ ਹਨ, ਜਦਕਿ ਸਰਕਾਰ ਦੇ ਹੋਰ ਵਿਕਾਸ ਕਾਰਜਾਂ ਵੱਲ ਧਿਆਨ ਨਹੀਂ ਦਿੰਦੇ। ਬਜਟ ਸੈਸ਼ਨ ਦੌਰਾਨ ਔਰਤਾਂ ਨਾਲ ਸਬੰਧਿਤ ਯੋਜਨਾਵਾਂ ਬਾਰੇ ਵੀ ਸਪੱਸ਼ਟਤਾ ਆ ਜਾਵੇਗੀ ਅਤੇ ਸਰਕਾਰ ਆਪਣੇ ਵਾਅਦਿਆਂ ਪ੍ਰਤੀ ਵਚਨਬੱਧ ਹੈ। ਇਸ ਸਰਕਾਰ ਵਿੱਚ ਜਿੰਨਾ ਵਿਕਾਸ ਹੋਇਆ ਹੈ ਉਹ ਵਿਰੋਧੀ ਪਾਰਟੀਆਂ ਨੂੰ ਦਿਸ ਨਹੀਂ ਰਿਹਾ, ਪਿੰਡਾਂ ਵਿੱਚ ਬਣ ਰਹੀਆਂ ਗਲੀਆਂ, ਸੀਵਰੇਜ, ਸਕੂਲ ਆਫ਼ ਐਮੀਨੈਂਸ, ਖੇਡ ਸਟੇਡੀਅਮ, ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਕਿੱਟਾਂ, ਪਿੰਡਾਂ ਵਿੱਚ ਖੇਤੀ ਬਾੜੀ ਨਾਲ ਸਬੰਧਿਤ ਟਿਊਬਵੈੱਲ ਮੋਟਰਾਂ ਨੂੰ ਦਿਨ ਵੇਲੇ ਬਿਜਲੀ, ਹਸਪਤਾਲਾਂ ਵਿੱਚ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਸਹੂਲਤਾਂ, ਨਹਿਰੀ ਪਾਣੀ ਟੇਲਾਂ ਤੇ ਪਹੁੰਚਣਾ, ਬਿਜਲੀ ਬਿੱਲ ਵਿੱਚ ਮਾਫ਼ੀ, ਧਾਰਮਿਕ ਅਸਥਾਨਾਂ ਦੀ ਤੀਰਥ ਯਾਤਰਾ, ਆਦਿ ਹੋਰ ਅਨੇਕਾਂ ਸਕੀਮਾਂ ਦਾ ਲਾਭ ਇਸ ਸਰਕਾਰ ਵੱਲੋਂ ਪੰਜਾਬ ਦੇ ਨਾਗਰਿਕਾਂ ਨੂੰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਇਸ ਮਹੀਨੇ 8 ਮਾਰਚ ਮਹਿਲਾ ਦਿਵਸ ਦੇ ਮੌਕੇ ਹਜ਼ਾਰ-ਹਜ਼ਾਰ ਰੁਪਏ ਜਾਰੀ ਕਰਨ ਦੀ ਪੂਰੀ ਸਭਾਵਨਾ ਹੈ। ਦੂਜੇ ਪਾਸੇ ਡਾ. ਜੀਵਨਜੋਤ ਕੌਰ ਭੱਟੀ ਦਾ ਕਹਿਣਾ ਸੀ ਕਿ ਪੰਜਾਬ ਦੀ ਆਪ ਸਰਕਾਰ ਨੇ ਕੀਤਾ ਕੋਈ ਵਾਅਦਾ ਪਰਾ ਨਹੀਂ ਕੀਤਾ ਸਗੋਂ ਝੂਠ ਦੇ ਸਹਾਰੇ ਡੰਗ ਟਪਾਈ ਕੀਤੀ ਜਾ ਰਹੀ ਹੈ।