ਹੋਲੀ ਮੌਕੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਖੋਖਲੇ, ਹੋਲੀ ਮੌਕੇ ਵਾਪਰੀਆਂ ਅੱਧੀ ਦਰਜਨ ਘਟਨਾਵਾਂ
ਹੋਲੀ ਮੌਕੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਖੋਖਲੇ, ਹੋਲੀ ਮੌਕੇ ਵਾਪਰੀਆਂ ਅੱਧੀ ਦਰਜਨ ਘਟਨਾਵਾਂ
Publish Date: Thu, 05 Mar 2026 04:49 PM (IST)
Updated Date: Thu, 05 Mar 2026 04:50 PM (IST)

- ਨੌਜਵਾਨਾਂ ਨੇ ਲਹਿਰਾਏ ਤੇਜ਼ਧਾਰ ਹਥਿਆਰ, ਪ੍ਰਤਾਪ ਨਗਰ ’ਚ ਲੁੱਟ, ਈ ਰਿਕਸ਼ਾ ਤੇ ਮੋਟਰਸਾਈਕਲ ਚੋਰੀ - ਕੁੜੀ ’ਤੇ ਰੰਗ ਪਾਉਣ ਕਾਰਨ ਹੋਇਆ ਰੱਜ ਕੇ ਹੰਗਾਮਾ, ਥਾਣਾ ਸਿਵਲ ਲਾਇਨ ਪੁਲਿਸ ਨੇ ਕੀਤੀ ਕਾਰਵਾਈ - ਹੋਲੀ ਮੌਕੇ ਸ਼ਹਿਰ ਦੇ ਪੂਜਾ ਵਾਲਾ ਮੁਹੱਲਾ ’ਚ ਹਥਿਆਰ ਲੈ ਕੇ ਚੱਲਦੇ ਹੋਏ ਹੁੜਦੁੰਗਬਾਜ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਹੋਲੀ ਮੌਕੇ ਪੁਲਿਸ ਨੇ ਸ਼ਹਿਰ ਅੰਦਰ ਭਾਵੇਂ ਸਖਤ ਸੁਰੱਖਿਆ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਸੀ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਖੋਖਲੇ ਸਾਬਤ ਹੋਏ। ਸ਼ਹਿਰ ਅੰਦਰ ਹੋਲੀ ਦੌਰਾਨ ਅੱਧੀ ਦਰਜਨ ਅਪਰਾਧਿਕ ਘਟਨਾਵਾਂ ਵਾਪਰੀਆਂ ਹਨ। ਪੂਜਾ ਵਾਲਾ ਮਹੱਲਾ ਵਿੱਚ ਇਕ ਵਾਰ ਫਿਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੁਮਾਇਸ਼ ਕੀਤੀ, ਜਿਸ ਕਾਰਨ ਇਲਾਕੇ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੋਲੀ ਦੌਰਾਨ ਬਣਿਆ ਰਿਹਾ। ਇਸ ਤੋਂ ਇਲਾਵਾ ਸ਼ਹਿਰ ਵਿੱਚੋਂ ਇਕ ਈ ਰਿਕਸ਼ਾ ਅਤੇ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਹੈ। ਉੱਥੇ ਹੀ ਅਜੀਤ ਰੋਡ ’ਤੇ ਪੈਦਲ ਜਾ ਰਹੀ ਇਕ ਕੁੜੀ ’ਤੇ ਰੰਗ ਪਾਉਣ ਕਾਰਨ ਰੱਜ ਕੇ ਹੰਗਾਮਾ ਹੋਇਆ। ਪ੍ਰਤਾਪ ਨਗਰ ਵਿੱਚ ਲੁਟੇਰਿਆਂ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਮੋਟਰਸਾਈਕਲ ਦੀ ਟੱਕਰ ਮਾਰ ਕੇ ਉਸ ਕੋਲੋਂ ਬੈਗ ਖੋਲ ਲਿਆ ਜਿਸ ਵਿੱਚ 3000 ਨਕਦੀ ਦੱਸੀ ਜਾ ਰਹੀ ਹੈ। ਹੋਲੀ ਵਾਲੇ ਦਿਨ ਵਾਪਰੀਆਂ ਇਨ੍ਹਾਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਕਿੰਨੇ ਕ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲਿਆਂ ਵਿੱਚੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। - ਸ਼ਰੇਆਮ ਤੇਜ਼ਧਾਰ ਹਥਿਆਰਾਂ ਦੀ ਨੁਮਾਇਸ਼ ਸ਼ਹਿਰ ਦੇ ਪੂਜਾ ਵਾਲਾ ਮੁਹੱਲਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਹੋਲੀ ਦੌਰਾਨ ਵੱਡੀ ਗਿਣਤੀ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੁਮਾਇਸ਼ ਕੀਤੀ। ਮੋਟਰਸਾਈਕਲਾਂ ’ਤੇ ਸਵਾਰ ਇਕ ਦਰਜਨ ਨੌਜਵਾਨਾਂ ਦੇ ਹੱਥਾਂ ਵਿੱਚ ਕਾਪੇ, ਕਿਰਪਾਨਾਂ ਅਤੇ ਕਿਰਚਾਂ ਫੜੀਆਂ ਹੋਈਆਂ ਸਨ। ਉਨ੍ਹਾਂ ਖੇਤਰ ਵਿੱਚ ਹੁੜਦੰਗ ਮਚਾਉਂਦਿਆਂ ਸ਼ਰੇਆਮ ਹਥਿਆਰ ਲਹਿਰਾਏ ਜਿਸ ਕਾਰਨ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਗਲੀਆਂ ਵਿੱਚ ਹੋਲੀ ਖੇਡ ਰਹੇ ਬੱਚੇ ਅਤੇ ਔਰਤਾਂ ਡਰਦੇ ਮਾਰੇ ਘਰਾਂ ਵਿੱਚ ਕੈਦ ਹੋ ਗਏ। ਪੂਜਾ ਵਾਲਾ ਮਹੱਲਾ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਹੁੜਦੁੰਗ ਮਚਾਉਣ ਦੀ 15 ਦਿਨਾਂ ਵਿੱਚ ਦੂਜੀ ਘਟਨਾ ਵਾਪਰੀ ਹੈ। ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਤੇਜ਼ਧਾਰ ਹਥਿਆਰ ਲੈ ਕੇ ਚੱਲਣ ਵਾਲਿਆਂ ਵਿੱਚੋਂ ਦੋ ਨੂੰ ਗ੍ਰਿਫਤਾਰ ਕੀਤਾ ਹੈ। - ਪੈਦਲ ਰਾਹਗੀਰ ਨਾਲ ਲੁੱਟ ਹੋਲੀ ਵਾਲੇ ਦਿਨ ਸਵੇਰੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਲੁਟੇਰਿਆਂ ਨੇ ਪਹਿਲਾਂ ਆਪਣੀ ਬਾਈਕ ਨਾਲ ਟੱਕਰ ਮਾਰ ਦਿੱਤੀ। ਜਦੋਂ ਉਹ ਸੜਕ ਉੱਪਰ ਡਿੱਗ ਪਿਆ ਤਾਂ ਲੁਟੇਰੇ ਉਸ ਦੇ ਹੱਥ ਵਿੱਚ ਫੜਿਆ ਬੈਗ ਲੈ ਕੇ ਫ਼ਰਾਰ ਹੋ ਗਏ। ਉਕਤ ਨੇ ਆਪਣੇ ਆਪ ਨੂੰ ਬਚਾਉਣ ਦਾ ਰੌਲਾ ਪਾਉਂਦੇ ਆ ਉੱਥੋਂ ਭੱਜ ਕੇ ਜਾਣ ਬਚਾਈ। ਲੁਟੇਰੇ ਉਸ ਦਾ ਬੈਗ ਲੈ ਕੇ ਫਰਾਰ ਹੋ ਗਏ, ਜਿਸ ਵਿੱਚ 3000 ਨਗਦੀ ਜੀ ਦੱਸੀ ਜਾ ਰਹੀ ਹੈ। ਲੁੱਟ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਕਤ ਵਿਅਕਤੀ ਪ੍ਰਤਾਪ ਨਗਰ ਗਲੀ ਨੰਬਰ 5 ਡੀ ਵਿਚ ਆਪਣੀ ਭੈਣ ਦੇ ਘਰ ਆਇਆ ਸੀ। - ਈ ਰਿਕਸ਼ਾ ਤੇ ਮੋਟਰਸਾਈਕਲ ਚੋਰੀ ਹੋਲੀ ਵਾਲੇ ਦਿਨ ਅਣਪਛਾਤੇ ਵਿਅਕਤੀਆਂ ਨੇ ਸ਼ਹਿਰ ਵਿੱਚੋਂ ਈ ਰਿਕਸ਼ਾ ਅਤੇ ਮੋਟਰਸਾਈਕਲ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਅਣਪਛਾਤੇ ਚੋਰਾਂ ਨੇ ਅਤੀ ਸੁਰੱਖਿਆ ਵਾਲੇ ਖੇਤਰ ਪ੍ਰਬੰਧਕੀ ਕੰਪਲੈਕਸ ਨੇੜਿਓਂ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਲਿਆ। ਪੀੜਤ ਲਲਿਤ ਮੋਹਨ ਨੇ ਦੱਸਿਆ ਕਿ ਮਿੰਨੀ ਸਕੱਤਰੇਤ ਰੋਡ ’ਤੇ ਮੋਟਰਸਾਈਕਲ ਨੰਬਰ ਪੀਬੀ 03 ਏਐਕਸ 0510 ਖੜਾ ਕੀਤਾ ਸੀ, ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸ ਤਰ੍ਹਾਂ ਹੀ ਗਣੇਸ਼ਾ ਬਸਤੀ ਵਿੱਚੋਂ ਇੱਕ ਵਿਅਕਤੀ ਦਾ ਈ ਰਿਕਸ਼ਾ ਚੋਰੀ ਹੋ ਗਿਆ। ਗਨੇਸ਼ਾ ਬਸਤੀ ਦੀ ਗਲੀ ਨੰਬਰ 8 ਵਿਚ ਈ ਰਿਕਸ਼ਾ ਖੜ੍ਹਾ ਕੀਤਾ ਸੀ, ਜਿਸ ਦੌਰਾਨ ਅਣਪਛਾਤਾ ਵਿਅਕਤੀ ਉੱਥੇ ਪੁੱਜਾ ਤੇ ਈਰਕਸ਼ਾ ਲੈ ਕੇ ਫਰਾਰ ਹੋ ਗਿਆ। ਇਹ ਘਟਨਾਵਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। - ਕੁੜੀ ’ਤੇ ਰੰਗ ਪਾਉਣ ਤੋਂ ਬਾਅਦ ਹੰਗਾਮਾ ਅਜੀਤ ਰੋਡ ਤੇ ਹੋਲੀ ਦੌਰਾਨ ਕੁਝ ਨੌਜਵਾਨਾਂ ਨੇ ਪੈਦਲ ਜਾ ਰਹੀ ਕੁੜੀ ਉੱਪਰ ਰੰਗ ਪਾ ਦਿੱਤਾ, ਜਿਸ ਕਾਰਨ ਰੱਜ ਕੇ ਹੰਗਾਮਾ ਹੋਇਆ। ਜਦੋਂ ਹੜਦੁੰਗਬਾਜਾ ਨੇ ਕੁੜੀ ਉੱਪਰ ਰੰਗ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵਿਰੋਧ ਕੀਤਾ ਪਰ ਇਸ ਦੇ ਬਾਵਜੂਦ ਉਨ੍ਹਾਂ ਕੁੜੀ ਉੱਪਰ ਰੰਗ ਪਾ ਦਿੱਤਾ, ਜਿਸ ਕਾਰਨ ਹੰਗਾਮਾ ਹੋ ਗਿਆ। ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਏ ਜਦੋਂਕਿ ਇਸ ਦੌਰਾਨ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਰਵਿੰਦਰ ਸਿੰਘ ਨੇ ਅਜਿਹੇ ਕਈ ਮੋਟਰਸਾਈਕਲ ਸਵਾਰਾਂ ਦੇ ਚਾਲਾਨ ਕੀਤੇ। ਇਸ ਦੌਰਾਨ ਹੋਲੀ ਦੌਰਾਨ ਇਕ ਨਿੱਜੀ ਸਟੇਡੀਅਮ ਵਿਚ ਕੁੱਝ ਲੋਕਾਂ ਦਰਮਿਆਨ ਝੜਪਾਂ ਹੋਣ ਦੀ ਵੀ ਸੂਚਨਾ ਹੈ।