ਡੀਸੀ ਨੇ ਸਿਹਤ ਯੋਜਨਾ ਕਾਰਡ ਸਬੰਧੀ ਰਜਿਸਟ੍ਰੇਸ਼ਨ ਦਾ ਲਿਆ ਜਾਇਜ਼ਾ
ਜ਼ਿਲ੍ਹੇ ਵਿਚ ਹਰੇਕ ਪਰਿਵਾਰ ਦੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਰਜਿਸਟ੍ਰੇਸ਼ਨ ਯਕੀਨੀ ਬਣਾਉਣ, ਡੀਸੀ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਲਿਆ ਜਾਇਜ਼ਾ
Publish Date: Tue, 03 Mar 2026 05:46 PM (IST)
Updated Date: Wed, 04 Mar 2026 04:03 AM (IST)
-ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਕੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਜਾਰੀ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਜ਼ਿਲ੍ਹੇ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਹੇਠ ਰਜਿਸਟ੍ਰੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਹਰੇਕ ਪਰਿਵਾਰ ਨੂੰ ਇਸ ਯੋਜਨਾ ਤਹਿਤ ਰਜਿਸਟਰ ਕੀਤਾ ਜਾਵੇ। 10 ਲੱਖ ਤਕ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ।
ਡੀਸੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸੀਐੱਸਸੀ ਜਾਂ ਵਿਸ਼ੇਸ਼ ਕੈਂਪਾਂ ਰਾਹੀਂ ਰਜਿਸਟ਼ਰਡ ਹੋ ਸਕਦੇ ਹਨ। ਲੋਕ ਇਸ ਯੋਜਨਾ ਦੇ ਲਾਭ ਲੈਣ ਤੇ ਆਪਣੇ ਪਰਿਵਾਰ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰਨ। ਡਿਪਟੀ ਕਮਿਸ਼ਨਰ ਨੇ ਸਾਰੇ ਐੱਸਡੀਐੱਮ. ਸਾਹਿਬਾਨ, ਸਰਕਾਰੀ ਅਤੇ ਨਿੱਜੀ ਖੇਤਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਕੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਲੋਕਾਂ ਨੂੰ ਯੋਜਨਾ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਹਰ ਸਿਹਤ ਸੰਸਥਾ ਦੇ ਬਾਹਰ ਵਿਸ਼ੇਸ਼ ਕਾਊਂਟਰ ਲਗਾਏ ਜਾਣ ਤਾਂ ਜੋ ਲੋਕਾਂ ਲਈ ਰਜਿਸਟ੍ਰੇਸ਼ਨ ਸੌਖੀ ਹੋ ਜਾਵੇ। ਰਜਿਸਟ੍ਰੇਸ਼ਨ ਲਈ ਇਕ ਪਰਿਵਾਰ ਤੋਂ 18 ਸਾਲ ਤੋਂ ਵੱਧ ਉਮਰ ਦੇ ਦੋ ਵਿਅਕਤੀ ਆਧਾਰ ਕਾਰਡ ਅਤੇ ਵੋਟਰ ਆਈ ਕਾਰਡ ਲੈ ਕੇ ਸੀਐੱਸਸੀ, ਕੇਂਦਰ ਜਾਂ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਖੇ ਪਹੁੰਚਣ। ਉਨ੍ਹਾਂ ਕਿਹਾ ਕਿ ਲੋਕ ਇਸ ਮੌਕੇ ਦਾ ਲਾਭ ਚੁੱਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 357 ਸੀਐੱਸਸੀ ਕੇਂਦਰਾਂ ਤੋਂ ਇਲਾਵਾ ਰਜਿਸਟ੍ਰੇਸ਼ਨ ਅਤੇ ਕਾਰਡ ਜਾਰੀ ਕਰਨ ਲਈ ਰੋਜ਼ਾਨਾ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਹੇਠ ਪੰਜਾਬ ਸਰਕਾਰ ਹਰ ਪਰਿਵਾਰ ਨੂੰ 10 ਲੱਖ ਰੁਪਏ ਤਕ ਨਕਦ ਰਹਿਤ ਇਲਾਜ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਕਾਰਡ ਬਣਾਉਣ ਲਈ ਆਧਾਰ ਕਾਰਡ (ਮੋਬਾਈਲ ਨੰਬਰ ਨਾਲ ਲਿੰਕਡ), ਵੋਟਰ ਕਾਰਡ ਲਾਜ਼ਮੀ ਹੋਣੇ ਚਾਹੀਦੇ ਹਨ।
ਉਨ੍ਹਾਂ ਨੇ ਪ੍ਰਸ਼ਾਸਕੀ ਅਧਿਕਾਰੀਆਂ, ਸਿਹਤ ਵਿਭਾਗ, ਕਾਮਨ ਸਰਵਿਸ ਕੇਂਦਰਾਂ, ਸਰਵਿਸ ਕੇਂਦਰਾਂ ਤੇ ਹੋਰ ਸੰਬੰਧਤ ਵਿਭਾਗਾਂ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਹ ਜਨ ਕਲਿਆਣ ਯੋਜਨਾ ਅਸਰਦਾਰ ਢੰਗ ਨਾਲ ਲਾਗੂ ਕੀਤੀ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ, ਐਸਡੀਐਮ ਬਠਿੰਡਾ ਬਲਕਰਨ ਸਿੰਘ ਮਾਹਲ, ਐਸਡੀਐਮ ਮੌੜ ਹਰਪ੍ਰੀਤ ਸਿੰਘ ਅਟਵਾਲ, ਰਾਕੇਸ਼ ਸ਼ਰਮਾ ਐਸਡੀਐਮ ਤਲਵੰਡੀ ਸਾਬੋ, ਹਰਸ਼ਿਤਾ ਆਈਏਐਸ (ਯੂਟੀ), ਡੀਐਮਸੀ ਡਾ. ਨਵਪ੍ਰੀਤ ਕੌਰ, ਵੱਖ-ਵੱਖ ਸਬ ਡਿਵੀਜ਼ਨਾਂ ਦੇ ਐਸਐੱਮਓ, ਸੀਐੱਸਸੀ ਦੇ ਜ਼ਿਲ੍ਹਾ ਇੰਚਾਰਜ ਤਰਸੇਮ ਸਿੰਘ ਬਰਾੜ ਮੌਜੂਦ ਸਨ।