ਪਤੀ-ਪਤਨੀ ਨੇ ਸਾਥੀ ਨਾਲ ਮਿਲ ਕੇ ਠੱਗੇ 85 ਲੱਖ
ਪਤੀ ਪਤਨੀ ਨੇ ਸਾਥੀ ਨਾਲ ਮਿਲ ਕੇ ਮਾਰੀ 85 ਲੱਖ ਦੀ ਠੱਗੀ
Publish Date: Tue, 03 Mar 2026 04:55 PM (IST)
Updated Date: Wed, 04 Mar 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿਚ ਪਤੀ ਪਤਨੀ ਵੱਲੋਂ ਆਪਣੇ ਇਕ ਸਾਥੀ ਨਾਲ ਮਿਲ ਕੇ 85 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਠੱਗੀ ਤੋਂ ਦੁਖੀ ਹੋਏ ਪੀੜਤ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕਸ਼ੀ ਦਾ ਯਤਨ ਕੀਤਾ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਪਤੀ ਪਤਨੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਕਰਮਜੀਤ ਕੌਰ ਵਾਸੀ ਕੋਟਸ਼ਮੀਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਜ਼ਮੀਨ ਹਰਜੀਤ ਸਿੰਘ ਉਸਦੀ ਪਤਨੀ ਹਰਵਿੰਦਰ ਕੌਰ ਵਾਸੀ ਹਾਊਸ ਫੈਡ ਕਾਲੋਨੀ ਬਠਿੰਡਾ ਤੇ ਨਰਾਇਣ ਸਿੰਘ ਵਾਸੀ ਕੋਟਸ਼ਮੀਰ ਨੂੰ ਵੇਚੀ ਸੀ। ਪੀੜਤ ਨੇ ਦੱਸਿਆ ਕਿ ਉਨ੍ਹਾਂ ਮੁਲਜਮਾਂ ਕੋਲੋਂ 85 ਲੱਖ ਰੁਪਏ ਲੈਣੇ ਸਨ। ਪੀੜਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਮੁਲਜ਼ਮਾਂ ਕੋਲੋਂ ਕਈ ਵਾਰ ਆਪਣੇ ਪੈਸਿਆਂ ਦੀ ਮੰਗ ਕੀਤੀ ਪਰ ਉਹ ਹਰ ਵਾਰ ਕੋਈ ਨਾ ਕੋਈ ਲਾਰਾ ਲਗਾ ਕੇ ਉਸਦੇ ਪਤੀ ਕੁਲਦੀਪ ਸਿੰਘ ਨੂੰ ਵਾਪਸ ਮੋੜਦੇ ਰਹੇ। ਜਦੋਂ ਮੁਲਜ਼ਮਾਂ ਨੇ ਉਸ ਦੇ ਪਤੀ ਨੂੰ ਜ਼ਮੀਨ ਦੇ 85 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਕੁਲਦੀਪ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਪੀੜਤ ਕੁਲਦੀਪ ਸਿੰਘ ਨੂੰ ਇਲਾਜ ਲਈ ਇੰਦਰਾਨੀ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਬਠਿੰਡਾ ਦੇ ਸਹਾਇਕ ਥਾਣੇਦਾਰ ਧਰਮਵੀਰ ਸਿੰਘ ਨੇ ਦੱਸਿਆ ਕਿ ਪੀੜਿਤ ਦੇ ਬਿਆਨਾਂ ਦੇ ਆਧਾਰ ’ਤੇ ਪਤੀ-ਪਤਨੀ ਸਮੇਤ ਤਿੰਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।