ਮੋਬਾਈਲ ਰਿਪੇਅਰ ਦੀ ਆੜ ’ਚ ਠੱਗੀ
ਮੋਬਾਇਲ ਰਿਪੇਅਰ ਦੀ ਆੜ ‘ਚ ਠੱਗੀ
Publish Date: Tue, 03 Mar 2026 04:53 PM (IST)
Updated Date: Wed, 04 Mar 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਹਿੰਗਾਈ ਦੇ ਇਸ ਦੌਰ ਵਿਚ ਜਿੱਥੇ ਹਰ ਆਮ ਆਦਮੀ ਆਪਣੀ ਕਮਾਈ ਨੂੰ ਸੰਭਾਲ ਕੇ ਖਰਚ ਕਰਦਾ ਹੈ, ਉੱਥੇ ਕੁਝ ਬੇਈਮਾਨ ਦੁਕਾਨਦਾਰ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਤਾਜ਼ਾ ਮਾਮਲਾ ਬਠਿੰਡਾ ਦੇ ਬੱਸ ਅੱਡਾ ਲਾਗਲੇ ਕੋਰਟ ਰੋਡ ਬਜ਼ਾਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮੋਬਾਈਲ ਰਿਪੇਅਰ ਦੁਕਾਨਦਾਰ ‘ਤੇ ਗਾਹਕ ਨਾਲ ਠੱਗੀ ਕਰਨ ਦੇ ਦੋਸ਼ ਲੱਗੇ ਹਨ। ਸਰਕਾਰੀ ਹਸਪਤਾਲ ਨੇੜੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਆਪਣਾ ਓਪੋ ਕੰਪਨੀ ਦਾ ਮੋਬਾਈਲ ਇਕ ਦੁਕਾਨ ‘ਤੇ ਠੀਕ ਕਰਵਾਉਣ ਲਈ ਦਿੱਤਾ। ਦੁਕਾਨਦਾਰ ਨੇ ਪਹਿਲਾਂ “ਫੋਲਡਰ” ਖਰਾਬ ਹੋਣ ਦੀ ਗੱਲ ਕਹਿ ਕੇ ਫੋਨ ਆਪਣੇ ਕੋਲ ਰੱਖ ਲਿਆ। ਅਗਲੇ ਦਿਨ ਫੋਨ ਲੈਣ ‘ਤੇ ਇਕ ਹੋਰ ਅੰਦਰੂਨੀ ਪਲੇਟ ਟੁੱਟੀ ਹੋਣ ਦਾ ਹਵਾਲਾ ਦੇ ਕੇ ਵਾਧੂ ਖਰਚਾ ਲਾ ਦਿੱਤਾ। ਗ੍ਰਾਹਕ ਨੇ ਭਰੋਸਾ ਕਰਦਿਆਂ ਪੈਸੇ ਦੇ ਦਿੱਤੇ। ਹੈਰਾਨੀ ਹੈ ਕਿ ਸਿਰਫ਼ 20 ਦਿਨਾਂ ਵਿਚ ਹੀ ਉਹੀ ਸਮੱਸਿਆ ਮੁੜ ਆ ਗਈ। ਜਦੋਂ ਗੁਰਪ੍ਰੀਤ ਸਿੰਘ ਨੇ ਫਿਰ ਦੁਕਾਨਦਾਰ ਨੂੰ ਸੰਪਰਕ ਕੀਤਾ ਤਾਂ ਉਸਨੇ ਕਿਸੇ ਵੀ ਤਰ੍ਹਾਂ ਦੀ ਗਾਰੰਟੀ ਤੋਂ ਇਨਕਾਰ ਕਰਦਿਆਂ ਦੁਬਾਰਾ ਪੂਰੇ ਪੈਸੇ ਮੰਗ ਲਏ। ਗਾਹਕ ਦਾ ਕਹਿਣਾ ਹੈ ਕਿ ਨਾ ਫੋਨ ਡਿੱਗਿਆ ਤੇ ਨਾ ਹੀ ਕੋਈ ਹੋਰ ਨੁਕਸਾਨ ਹੋਇਆ, ਫਿਰ ਵੀ ਦੁਕਾਨਦਾਰ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਪੀੜਤ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਹੋਰ ਲੋਕਾਂ ਨੂੰ ਵੀ ਅਜਿਹੇ ਦੁਕਾਨਦਾਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ‘ਚ ਜਦੋਂ ਦੁਕਾਨਦਾਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਫੋਨ ਚੁੱਕਣਾ ਵੀ ਗਵਾਰਾ ਨਹੀਂ ਕੀਤਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਦੁਕਾਨਾਂ ’ਤੇ ਨਿਗਰਾਨੀ ਵਧਾਈ ਜਾਵੇ ਤਾਂ ਜੋ ਆਮ ਜਨਤਾ ਨਾਲ ਹੋ ਰਹੀ ਠੱਗੀ ਨੂੰ ਰੋਕਿਆ ਜਾ ਸਕੇ।