ਗੀਜ਼ਰ ਫਟਣ ਨਾਲ ਔਰਤ ਦੀ ਮੌਤ
ਗੀਜ਼ਰ ਫਟਣ ਨਾਲ ਔਰਤ ਦੀ ਮੌਤ
Publish Date: Tue, 03 Mar 2026 04:37 PM (IST)
Updated Date: Wed, 04 Mar 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਬੀਬੀ ਵਾਲਾ ਰੋਡ 'ਤੇ ਸਥਿਤ ਗਲੀ ਨੰਬਰ 10 ’ਚ ਇਕ ਘਰ ਵਿਚ ਗੀਜ਼ਰ ਫਟਣ ਨਾਲ 62 ਸਾਲਾਂ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਊਸ਼ਾ ਰਾਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਔਰਤ ਬਾਥਰੂਮ ਵਿਚ ਪਾਣੀ ਗਰਮ ਕਰਨ ਲਈ ਹੀਟਰ ਦੀ ਵਰਤੋਂ ਕਰ ਰਹੀ ਸੀ ਕਿ ਅਚਾਨਕ ਗੀਜ਼ਰ ਵਿਚ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਲੋਕ ਘਬਰਾ ਗਏ ਤੇ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਏ। ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨੇ ਜ਼ਖਮੀ ਊਸ਼ਾ ਰਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਗੰਭੀਰ ਸੱਟਾਂ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਮੁੱਢਲੀ ਜਾਂਚ ਸ਼ੁਰੂ ਕਰਕੇ ਗੀਜ਼ਰ ਫਟਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸ਼ੱਕ ਹੈ ਕਿ ਤਕਨੀਕੀ ਨੁਕਸ ਜਾਂ ਜ਼ਿਆਦਾ ਦਬਾਅ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰਿਵਾਰ ਨੇ ਮ੍ਰਿਤਕ ਔਰਤ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਸਥਾਨਕ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।