ਵਾਤਾਵਰਨ ਸਿੱਖਿਆ ਤਹਿਤ ਕਰਵਾਏ ਮੁਕਾਬਲੇ ਦੇ ਜੇਤੂ ਸਨਮਾਨਿਤ
ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ‘ਟਰਾਂਸਫਾਰਮਿੰਗ ਟਰੈਸ਼ ਇੰਟੂ ਟਰੇਜ਼ਰ’ ਮੁਕਾਬਲਾ ਕਰਵਾਇਆ
Publish Date: Mon, 02 Mar 2026 07:34 PM (IST)
Updated Date: Tue, 03 Mar 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਟੇਟ ਕੌਂਸਲ ਫੋਰਸ ਟੈਕਨੋਲੋਜੀ ਸਾਇੰਸ ਐਂਡ ਟੈਕਨੋਲੋਜੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ‘ਟਰਾਂਸਫਾਰਮਿੰਗ ਟਰੈਸ਼ ਇੰਟੂ ਟਰੇਜ਼ਰ’ ਵਿਸ਼ੇ ’ਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਮਮਤਾ ਸੇਠੀ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਬਠਿੰਡਾ ਦੀ ਰਹਿਨੁਮਾਈ ਹੇਠ ਅਤੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੰਜੀਵ ਨਾਗਪਾਲ ਦੀ ਅਗਵਾਈ ਵਿਚ ਕਰਵਾਇਆ ਗਿਆ।
ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੇਕਾਰ ਸਮੱਗਰੀ ਤੋਂ ਲਾਭਦਾਇਕ ਵਸਤੂਆਂ ਤਿਆਰ ਕਰਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਕੌਂਸਲ ਦੀਆਂ ਹਦਾਇਤਾਂ ਮੁਤਾਬਕ 10 ਸਰਵੋਤਮ ਸਕੂਲਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਜਦਕਿ ਹੋਰ ਭਾਗੀਦਾਰ ਸਕੂਲਾਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਰਾਸ਼ਟਰੀ ਪੱਧਰ ‘ਤੇ ਚੁਣੇ ਗਏ ਜ਼ਿਲ੍ਹੇ ਦੇ ਦਸ ਗ੍ਰੀਨ ਸਕੂਲਾਂ ਨੂੰ ਵੀ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਜੈ ਸਿੰਘ ਵਾਲਾ ਦੇ ਵਿਦਿਆਰਥੀਆਂ ਨੂੰ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਆ ਗਿਆ। ਬਿਪਰੋ ਅਰਥੀਅਨ ਅਵਾਰਡ ਲਈ ਰਾਸ਼ਟਰੀ ਪੱਧਰ ‘ਤੇ ਚੁਣੇ ਗਏ ਵਿਦਿਆਰਥੀ ਨੂੰ ਵੀ ਵਿਸ਼ੇਸ਼ ਮੋਮੈਂਟੋ ਪ੍ਰਦਾਨ ਕੀਤਾ ਗਿਆ। ਇਸ ਮੌਕੇ ਮਮਤਾ ਸੇਠੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਵਧਾਈ ਦਿੰਦਿਆਂ ਕਿਹਾ ਕਿ ਗਾਈਡ ਅਧਿਆਪਕਾਂ ਦੀ ਰਹਿਨੁਮਾਈ ਹੇਠ ਵਿਦਿਆਰਥੀ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਮਹੱਤਵਪੂਰਨ ਸਫਲਤਾਵਾਂ ਹਾਸਲ ਕਰ ਰਹੇ ਹਨ। ਉਨ੍ਹਾਂ ਨੇ ਅਧਿਆਪਕਾਂ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਕੋਆਰਡੀਨੇਟਰ ਡਾ. ਸੰਜੀਵ ਨਾਗਪਾਲ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਸਮਾਗਮ ਦੌਰਾਨ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਅਧਿਆਪਕਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕਈ ਅਧਿਆਪਕਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ। ਅੰਤ ਵਿਚ ਡਾ. ਸੰਜੀਵ ਨਾਗਪਾਲ ਨੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸਾਰੇ ਭਾਗੀਦਾਰ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।