ਨਵੀਂ ਪੈ ਰਹੀ ਵਾਟਰ ਸਪਲਾਈ ਪਾਈਪਲਾਈਨ ਲੋਕਾਂ ਨੇ ਰੋਕੀ
ਮੌੜ ਖੁਰਦ ਵਾਸੀਆਂ ਨੇ ਨਵੀਂ ਪੈ ਰਹੀ ਵਾਟਰ ਸਪਲਾਈ ਪਾਈਪ ਲਾਈਨ ਰੋਕੀ
Publish Date: Mon, 02 Mar 2026 07:32 PM (IST)
Updated Date: Tue, 03 Mar 2026 04:09 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਪਿਛਲੇ ਲੰਬੇ ਸਮੇਂ ਤੋਂ ਮੌੜ ਮੰਡੀ ਦੇ ਖਰਾਬ ਸੀਵਰੇਜ ਸਿਸਟਮ ਨੇ ਲੋਕਾਂ ਲਈ ਗੰਭੀਰ ਸਮੱਸਿਆ ਦਾ ਰੂਪ ਧਾਰ ਲਿਆ ਹੈ। ਵਿਭਾਗੀ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਸ ਮਾਮਲੇ ਵਿਚ ਬੇਬਸ ਨਜ਼ਰ ਆ ਰਹੇ ਹਨ। ਮੰਡੀ ਨਿਵਾਸੀਆਂ ਵੱਲੋਂ ਕਈ ਵਾਰ ਸਰਕਾਰ ਖਿਲਾਫ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਗਏ ਹਨ, ਪਰ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ।
ਇਸੇ ਤਹਿਤ ਅੱਜ ਮੌੜ ਖੁਰਦ ਵਿਚ ਕੋਟਲਾ ਬ੍ਰਾਂਚ ਤੋਂ ਵਾਟਰ ਵਰਕਸ ਤੱਕ ਨਵੀਂ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਖਰਾਬ ਸੀਵਰੇਜ ਸਿਸਟਮ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਜੇਸੀਬੀ ਮਸ਼ੀਨਾਂ ਦਾ ਕੰਮ ਰੁਕਵਾ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਸਰਕਾਰ ਪਿੰਡ ਦੇ ਸੀਵਰੇਜ ਸਿਸਟਮ ਦੀ ਪੂਰੀ ਸਫਾਈ ਕਰਵਾਏ। ਇਸ ਤੋਂ ਬਾਅਦ ਹੀ ਨਵੀਂ ਵਾਟਰ ਸਪਲਾਈ ਲਾਈਨ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਿੰਡ ਵਾਸੀਆਂ ਅਵਤਾਰ ਸਿੰਘ, ਜਸਪਾਲ ਸਿੰਘ, ਲੱਭੂ ਸਿੰਘ, ਰਮਨਦੀਪ ਸਿੰਘ, ਗੁਰਦੀਪ ਸਿੰਘ ਅਤੇ ਸ਼ੇਰ ਸਿੰਘ ਆਦਿ ਨੇ ਦੱਸਿਆ ਕਿ ਮੌੜ ਖੁਰਦ ਵਿੱਚ ਲਗਭਗ 15 ਸਾਲ ਪਹਿਲਾਂ ਬਣਿਆ ਸੀਵਰੇਜ ਸਿਸਟਮ ਪਿਛਲੇ ਕਈ ਸਾਲਾਂ ਤੋਂ ਬਿਨਾਂ ਸਫਾਈ ਦੇ ਪੂਰੀ ਤਰ੍ਹਾਂ ਜਾਮ ਪਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਵੱਲੋਂ ਕਈ ਵਾਰ ਜੈੱਟ ਮਸ਼ੀਨਾਂ ਨਾਲ ਸਫਾਈ ਲਈ ਟੈਂਡਰ ਜਾਰੀ ਕੀਤੇ ਗਏ, ਪਰ ਹਰ ਵਾਰ ਮੌੜ ਖੁਰਦ ਨੂੰ ਟੈਂਡਰ ਤੋਂ ਬਾਹਰ ਰੱਖਿਆ ਗਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜੀਊਣ ਲਈ ਮਜਬੂਰ ਹਨ। ਜਿਸ ਸੜਕ ਉਪਰ ਪਾਈਪ ਲਾਈਨ ਪਾਈ ਜਾ ਰਹੀ ਹੈ, ਉਹ ਮੌੜ ਮੰਡੀ ਨੂੰ ਲਗਭਗ 20–25 ਪਿੰਡਾਂ ਨਾਲ ਜੋੜਦੀ ਹੈ। ਸੀਵਰੇਜ ਦੀ ਖਰਾਬ ਹਾਲਤ ਕਾਰਨ ਸੜਕ ਪਹਿਲਾਂ ਹੀ ਖਸਤਾਹਾਲ ਹੈ ਅਤੇ ਨਵੀਂ ਖੁਦਾਈ ਨਾਲ ਇਸ ਦੀ ਹਾਲਤ ਹੋਰ ਵੀ ਬਿਗੜਣ ਦਾ ਖਤਰਾ ਹੈ। ਪਿੰਡ ਵਾਸੀਆਂ ਨੇ ਸਪਸ਼ਟ ਕੀਤਾ ਕਿ ਜਦ ਤੱਕ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਮੌੜ ਖੁਰਦ ਦੇ ਸੀਵਰੇਜ ਦੀ ਜੈੱਟ ਮਸ਼ੀਨਾਂ ਨਾਲ ਸਫਾਈ ਦਾ ਟੈਂਡਰ ਪਾਸ ਨਹੀਂ ਕੀਤਾ ਜਾਂਦਾ, ਤਦ ਤੱਕ ਪਾਈਪ ਲਾਈਨ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਸੀਵਰੇਜ ਦੀ ਸਫਾਈ ਜਲਦੀ ਕਰਵਾਈ ਜਾਵੇਗੀ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਜਾਰੀ ਹੈ ਤਾਂ ਜੋ ਪਾਈਪ ਲਾਈਨ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਸਕੇ। ਖਬਰ ਲਿਖੇ ਜਾਣ ਤਕ ਪਿੰਡ ਵਾਸੀਆਂ ਦੇ ਸਮਰਥਨ ਵਿਚ ਕਿਸਾਨ ਯੂਨੀਅਨਾਂ ਵੀ ਮੌਕੇ 'ਤੇ ਪਹੁੰਚ ਚੁੱਕੀਆਂ ਸਨ ਅਤੇ ਧਰਨਾ ਪੱਕੇ ਤੌਰ 'ਤੇ ਜਾਰੀ ਸੀ।