ਗੁਰੂ ਕਾਸ਼ੀ ’ਵਰਸਿਟੀ ਨੇ ਮਨਾਇਆ ਰਾਸ਼ਟਰੀ ਸਾਇੰਸ ਦਿਹਾੜਾ
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ ਰਾਸ਼ਟਰੀ ਸਾਇੰਸ ਦਿਹਾੜਾ
Publish Date: Mon, 02 Mar 2026 05:55 PM (IST)
Updated Date: Tue, 03 Mar 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਦੇ ਸਾਇੰਸ ਵਿਭਾਗ ਵੱਲੋਂ “ਰਾਸ਼ਟਰੀ ਸਾਇੰਸ ਦਿਹਾੜਾ” ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਨੈਸ਼ਨਲ ਐਵਾਰਡੀ ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਨੇ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਵਿਚ ਡੀਨ ਡਾ. ਅਮਿਤ ਟੁਟੇਜਾ, ਅਧਿਆਪਕ ਤੇ 200 ਤੋਂ ਵੱਧ ਵਿਦਿਆਰਥੀ ਹਾਜ਼ਰ ਹੋਏ। ਮੁੱਖ ਬੁਲਾਰੇ ਡਾ. ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਸਾਡੇ ਆਲੇ ਦੁਆਲੇ ਦਾ ਜੀਵਨ ’ਤੇ ਬਹੁਤ ਪ੍ਰਭਾਵ ਪੈਂਦਾ ਹੈ। ਉਨ੍ਹਾਂ ਗੁਰਬਾਣੀ ਵਿਚ ਦਿੱਤੇ ਗਏ ਵਿਗਿਆਨਿਕ ਤੱਥਾਂ ਦੀ ਵਿਸਥਾਰ ਨਾਲ ਦੱਸਿਆ ਉਨ੍ਹਾਂ ਦੱਸਿਆ ਕਿ ਬਾਣੀ ਵਿਚ ਆਧੁਨਿਕ ਵਿਗਿਆਨਕ ਕਾਢਾਂ ਬਾਰੇ ਬਹੁਤ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਗਣਿਤ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਭੌਤਿਕ ਤੇ ਆਤਮਿਕ ਮਹੱਤਵ ਹੈ। ਵਿਸ਼ੇਸ਼ਕਰ ਉਨ੍ਹਾਂ ਇਕ ਓਅੰਕਾਰ(ੴ) ਤੇ 108 ਦੇ ਫਲਸਫੇ ਦਾ ਮੂਲ ਦਰਸ਼ਨ ਵਿਦਿਆਰਥੀਆਂ ਨੂੰ ਸਮਝਾਇਆ। ਡਾ. ਟੁਟੇਜਾ ਨੇ ਡਾ. ਸੀਵੀ ਰਮਨ ਅਤੇ ਮੁੱਖ ਬੁਲਾਰੇ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।