ਨੌਵੀਂ ਦੋ ਦਿਨਾ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਕਰਵਾਈ
ਨੌਵੀਂ ਦੋ ਰੋਜਾ ਕੇਸਰ ਸਿੰਘ ਵਾਲਾ ਕਹਾਣੀ ਗੋਸਟੀ ਕਰਵਾਈ
Publish Date: Mon, 02 Mar 2026 05:27 PM (IST)
Updated Date: Tue, 03 Mar 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨੌਵੀਂ ਦੋ ਰੋਜਾ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਸਥਾਨਕ ਟੀਚਰਜ਼ ਹੋਮ ਵਿਖੇ ਕਰਵਾਈ। ਇਸ ਮੌਕੇ ਕਹਾਣੀਕਾਰਾਂ, ਸਮੀਖਿਆਕਾਰਾਂ, ਸਾਹਿਤਕਾਰਾਂ, ਸਰੋਤਿਆਂ ਨੇ ਭਾਗ ਲਿਆ। ਗੋਸ਼ਟੀ ਦੇ ਪਹਿਲੇ ਦਿਨ ਸੰਯੋਜਕ ਟੀਮ ਦੇ ਸਹਿਯੋਗੀ ਜਰਨੈਲ ਭਾਈਰੂਪਾ ਨੂੰ ਸ਼ਰਧਾਂਜਲੀ ਭੇਟ ਕੀਤੀ। ਕਹਾਣੀ ਗੋਸ਼ਟੀ ਦੇ ਸੂਤਰਧਾਰ ਜਸਪਾਲ ਮਾਨਖੇੜਾ ਨੇ ਦੋ ਦਿਨਾਂ ਦੇ ਪੰਜ ਸੈਸ਼ਨਾਂ ਦਾ ਸੰਚਾਲਨ ਸਫਲਤਾਪੂਰਵਕ ਕੀਤਾ। ਮੁੱਖ ਸੰਚਾਲਕ ਹਰਬੰਸ ਸਿੰਘ ਬਰਾੜ ਨੇ ਹਾਜ਼ਰੀਨਾਂ ਨੂੰ ਜੀ ਆਇਆਂ ਕਿਹਾ। ਇੰਗਲੈਂਡ ਵਾਸੀ ਸ਼ਾਇਰ ਅਜ਼ੀਮ ਸੇਖਰ ਨੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਹਾਣੀਕਾਰਾਂ ਤੇ ਆਲੋਚਕਾਂ ਦਾ ਸਵਾਗਤ ਕੀਤਾ। ਗੋਸ਼ਟੀ ’ਚ ਪੰਜ ਕਹਾਣੀਆਂ ਪੇਸ਼ ਕੀਤੀਆਂ। ਪਹਿਲੀ ਕਹਾਣੀ ‘ਤੈਨੂੰ ਮਰਨਾ ਨਹੀਂ ਸੀ ਚਾਹੀਦਾ’ ਅਜਮੇਰ ਸਿੱਧੂ ਨੇ ਪੇਸ਼ ਕੀਤੀ। ਦੂਜੀ ਕਹਾਣੀ ‘ਅੱਧੀ ਸਦੀ ਦੀ ਔਰਤ’ ਜੰਮੂ ਤੋਂ ਆਏ ਸੁਰਿੰਦਰ ਨੀਰ ਨੇ ਪੜ੍ਹੀ। ਤੀਜੀ ਕਹਾਣੀ ‘ਬੁੱਲ੍ਹਾਂ ’ਚ ਘੁੱਟੀ ਮੁਸਕਰਾਹਟ’ ਰਵੀ ਸੇਰਗਿੱਲ ਦੀ ਗ਼ੈਰ-ਹਾਜ਼ਰੀ ਵਿਚ ਰੁਪਿੰਦਰ ਰੁਪਾਲ ਨੇ ਪੇਸ਼ ਕੀਤੀ। ਦੂਜੇ ਦਿਨ ਚੌਥੀ ਕਹਾਣੀ ‘ਖੰਡੀ ਦਾ ਕੰਡਾ’ ਪ੍ਰਗਟ ਸਤੌਜ ਨੇ ਪੜ੍ਹੀ ਤੇ ਪੰਜਵੀਂ ਕਹਾਣੀ ‘ਖ਼ਰਾ ਹੱਡ’ ਅੰਮ੍ਰਿਤਪਾਲ ਕਲੇਰ ਨੇ ਪੇਸ਼ ਕੀਤੀ। ਹਰ ਕਹਾਣੀ 'ਤੇ ਆਲੋਚਕਾਂ ਵੱਲੋਂ ਵਿਚਾਰ ਤੇ ਤਕਨੀਕੀ ਸੁਝਾਅ ਦਿੱਤੇ ਗਏ। ਇਸ ਮੌਕੇ ਨਿਰੰਜਣ ਬੋਹਾ, ਪ੍ਰੋ: ਮਨਜੀਤ ਸਿੰਘ, ਸੰਦੀਪ ਸਮਰਾਲਾ, ਪ੍ਰੋ: ਸਵਾਮੀ ਸਰਬਜੀਤ, ਗੁਰਦੇਵ ਖੋਖਰ, ਡਾ. ਸੰਦੀਪ ਰਾਣਾ, ਭੋਲਾ ਸਿੰਘ ਸੰਘੇੜਾ, ਅਲਫਾਜ, ਐੱਚ ਐੱਚ ਡਿੰਪਲ, ਭੁਪਿੰਦਰ ਮਾਨ, ਬਲਵਿੰਦਰ ਸਿੰਘ ਭੁੱਲਰ, ਪਰਮਜੀਤ ਮਾਨ, ਜਗਤਾਰ ਆਵਾਰਾ ਤੇ ਹੋਰਾਂ ਨੇ ਵਿਚਾਰ ਪੇਸ਼ ਕੀਤੇ। ਸਮਾਪਤੀ ਸਮੇਂ ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਕਿਹਾ ਕਿ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਪੰਜਾਬੀ ਭਾਸ਼ਾ ਦੀ ਨਿਵੇਕਲੀ ਤੇ ਨਰੋਈ ਪਿਰਤ ਵਾਲੀ ਗੋਸ਼ਟੀ ਹੈ। ਇਸ ਮੌਕੇ ਰਣਬੀਰ ਰਾਣਾ, ਰਮੇਸ਼ ਗਰਗ, ਜਸਵਿੰਦਰ ਜਸ, ਸੁਖਦਰਸ਼ਨ ਗਰਗ, ਕਮਲ ਬਠਿੰਡਾ, ਲਾਲ ਚੰਦ ਸਿੰਘ ਆਦਿ ਵੀ ਮੌਜੂਦ ਸਨ।