ਮੋਬਾਈਲ ਰਿਪੇਅਰ ਦੀ ਆੜ ’ਚ ਲੁੱਟ
ਮੋਬਾਇਲ ਰਿਪੇਅਰ ਦੀ ਆੜ ‘ਚ ਲੁੱਟ
Publish Date: Mon, 02 Mar 2026 05:20 PM (IST)
Updated Date: Tue, 03 Mar 2026 04:05 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਮਹਿੰਗਾਈ ਦੇ ਦੌਰ ’ਚ ਜਿੱਥੇ ਹਰ ਆਦਮੀ ਆਪਣੀ ਕਮਾਈ ਨੂੰ ਸੰਭਾਲ ਕੇ ਖਰਚਦਾ ਹੈ, ਉੱਥੇ ਕੁਝ ਬੇਈਮਾਨ ਦੁਕਾਨਦਾਰ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਤਾਜ਼ਾ ਮਾਮਲਾ ਬਠਿੰਡਾ ਦੇ ਬੱਸ ਅੱਡਾ ਨੇੜਲੇ ਕੋਰਟ ਰੋਡ ਬਾਜ਼ਾਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮੋਬਾਇਲ ਰਿਪੇਅਰ ਦੁਕਾਨਦਾਰ ‘ਤੇ ਗ੍ਰਾਹਕ ਨਾਲ ਠੱਗੀ ਕਰਨ ਦੇ ਦੋਸ਼ ਲੱਗੇ ਹਨ। ਸਰਕਾਰੀ ਹਸਪਤਾਲ ਨੇੜੇ ਰਹਿੰਦੇ ਗੁਰਪ੍ਰੀਤ ਸਿੰਘ ਨੇ ਆਪਣਾ ਓਪੋ ਕੰਪਨੀ ਦਾ ਮੋਬਾਈਲ “ਤਨਮੇ ਮੋਬਾਈਲ ਕੇਅਰ” ਨਾਮਕ ਦੁਕਾਨ ’ਤੇ ਠੀਕ ਕਰਵਾਉਣ ਲਈ ਦਿੱਤਾ। ਦੁਕਾਨਦਾਰ ਨੇ ਪਹਿਲਾਂ “ਫੋਲਡਰ” ਖਰਾਬ ਹੋਣ ਦੀ ਗੱਲ ਕਹਿ ਕੇ ਫੋਨ ਆਪਣੇ ਕੋਲ ਰੱਖ ਲਿਆ। ਅਗਲੇ ਦਿਨ ਫੋਨ ਲੈਣ ‘ਤੇ ਇੱਕ ਹੋਰ ਅੰਦਰੂਨੀ ਪਲੇਟ ਟੁੱਟੀ ਹੋਣ ਦਾ ਹਵਾਲਾ ਦੇ ਕੇ ਵਾਧੂ ਖਰਚਾ ਲਾ ਦਿੱਤਾ। ਗ੍ਰਾਹਕ ਨੇ ਭਰੋਸਾ ਕਰਦੇ ਹੋਏ ਪੈਸੇ ਦੇ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ 20 ਦਿਨਾਂ ਵਿਚ ਹੀ ਉਹੀ ਸਮੱਸਿਆ ਦੁਬਾਰਾ ਆ ਗਈ। ਜਦੋਂ ਗੁਰਪ੍ਰੀਤ ਸਿੰਘ ਨੇ ਫਿਰ ਦੁਕਾਨਦਾਰ ਨੂੰ ਸੰਪਰਕ ਕੀਤਾ ਤਾਂ ਉਸਨੇ ਕਿਸੇ ਵੀ ਤਰ੍ਹਾਂ ਦੀ ਗਾਰੰਟੀ ਤੋਂ ਨਾਂਹ ਕਰਦਿਆਂ ਦੁਬਾਰਾ ਪੂਰੇ ਪੈਸੇ ਮੰਗ ਲਏ। ਗਾਹਕ ਅਨੁਸਾਰ ਨਾ ਫੋਨ ਡਿੱਗਿਆ ਅਤੇ ਨਾ ਹੀ ਕੋਈ ਹੋਰ ਨੁਕਸਾਨ ਹੋਇਆ, ਫਿਰ ਵੀ ਦੁਕਾਨਦਾਰ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਪੀੜਤ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਤੇ ਹੋਰ ਲੋਕਾਂ ਨੂੰ ਵੀ ਅਜਿਹੇ ਦੁਕਾਨਦਾਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਜਦੋਂ ਦੁਕਾਨਦਾਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਫੋਨ ਉਠਾਉਣਾ ਵੀ ਗਵਾਰਾ ਨਹੀਂ ਕੀਤਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਦੁਕਾਨਾਂ ‘ਤੇ ਨਿਗਰਾਨੀ ਵਧਾਈ ਜਾਵੇ ਤਾਂ ਜੋ ਆਮ ਲੋਕਾਂ ਨਾਲ ਹੋ ਰਹੀ ਠੱਗੀ ਨੂੰ ਰੋਕਿਆ ਜਾ ਸਕੇ।