ਅਮਰੀਕਾ ਤੇ ਈਰਾਨ ਦੀ ਜੰਗ ਦਾ ਅਸਰ ਸੂਬੇ ਦੇ ਕਿਸਾਨਾਂ ’ਤੇ ਪਵੇਗਾ : ਡਾ. ਗਿੱਲ
ਅਮਰੀਕਾ ਤੇ ਇਰਾਕ ਦੀ ਲੜਾਈ ਦਾ ਸਿੱਧਾ ਅਸਰ ਪੰਜਾਬ ਦੇ ਕਿਸਾਨਾਂ ’ਤੇ ਪੈਣ ਦੇ ਆਸਾਰ: ਡਾ. ਜਗਤਾਰ ਸਿੰਘ ਗਿੱਲ
Publish Date: Mon, 02 Mar 2026 05:17 PM (IST)
Updated Date: Tue, 03 Mar 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਗਿੱਲ ਨੇ ਮੱਧ-ਪੂਰਬ ਵਿਚ ਵੱਧ ਰਹੀ ਤਣਾਅ ਅਤੇ ਅਮਰੀਕਾ-ਈਰਾਨ ਵਿਚ ਚੱਲ ਰਹੀ ਲੜਾਈ ਦੇ ਪੰਜਾਬ ਦੀ ਕਿਸਾਨੀ ਤੇ ਸੰਭਾਵਿਤ ਪ੍ਰਭਾਵ ਬਾਰੇ ਚਿੰਤਾ ਜ਼ਾਹਿਰ ਕੀਤੀ। ਡਾ. ਗਿੱਲ ਨੇ ਕਿਹਾ ਕਿ ਮੱਧ-ਪੂਰਬ ’ਚ ਵੱਧ ਰਹੇ ਸੰਘਰਸ਼ ਕਾਰਨ ਪੰਜਾਬ ਅਤੇ ਹਰਿਆਣਾ ਤੋਂ ਬਰਾਮਦ ਹੋਣ ਵਾਲੇ ਬਾਸਮਤੀ ਚੌਲ, ਹੌਜ਼ਰੀ, ਆਟੋ ਪੁਰਜ਼ੇ, ਹੈਂਡ ਟੂਲਜ਼ ਆਦਿ ਦੇ ਵਪਾਰ ’ਤੇ ਸਿੱਧਾ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਖ਼ਾਸ ਕਰਕੇ ਭਾਰਤ-ਈਰਾਨ ਬਾਸਮਤੀ ਕਾਰੋਬਾਰ ’ਤੇ ਚਿੰਤਾ ਜ਼ਾਹਿਰ ਕੀਤੀ, ਕਿਉਂਕਿ ਈਰਾਨ ਭਾਰਤ ਦੇ ਚੌਲਾਂ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ। ਡਾ. ਗਿੱਲ ਨੇ ਪੁੱਛਿਆ ਕਿ ਜੇਕਰ ਈਰਾਨ ਖ਼ਰੀਦ ਰੋਕ ਦੇਵੇ ਤਾਂ ਮੌਜੂਦਾ ਗੁਦਾਮਾਂ ਤੇ ਬੰਦਰਗਾਹਾਂ ਵਿਚ ਮੌਜੂਦ ਚੌਲਾਂ ਦੀ ਕੀ ਸਥਿਤੀ ਹੋਵੇਗੀ ਅਤੇ ਅਗਲੇ ਸਾਲ ਦੀ ਫਸਲ ਦੀ ਖ਼ਰੀਦ ਕੌਣ ਕਰੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਸਥਿਤੀ ਕਿਸਾਨਾਂ ਲਈ ਵੱਡੇ ਆਰਥਿਕ ਸੰਕਟ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਮੱਧ-ਪੂਰਬ ਵਿਚ ਲੜਾਈ ਜਲਦ ਖਤਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਮਸਲਾ ਗੱਲਬਾਤ ਨਾਲ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ। ਕੋਈ ਵੀ ਸਮੱਸਿਆ ਅਸਲੇ ਨਾਲ ਹੱਲ ਨਹੀਂ ਹੁੰਦੀ, ਅਸਲਾ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੈ।” ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਕਿਸਾਨਾਂ ਦੇ ਭਵਿੱਖ ਅਤੇ ਆਰਥਿਕ ਸਥਿਰਤਾ ਨੂੰ ਸੁਰੱਖਿਅਤ ਬਣਾਉਣ ਲਈ ਅੰਤਰਰਾਸ਼ਟਰੀ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਸੁਲਝਾਉਣਾ ਬਹੁਤ ਜ਼ਰੂਰੀ ਹੈ।