ਕਤਲ ਦੇ ਮਨਸੂਬੇ ਨਾਲ ਗੱਡੀ ਨਹਿਰ ’ਚ ਸੁੱਟੀ, ਨੌਜਵਾਨ ਲਾਪਤਾ, ਦੋ ’ਤੇ ਕੇਸ
ਕਤਲ ਦੇ ਮਨਸੂਬੇ ਨਾਲ ਗੱਡੀ ਨਹਿਰ ਵਿਚ ਸੁੱਟੀ, 32 ਸਾਲਾਂ ਨੌਜਵਾਨ ਲਾਪਤਾ
Publish Date: Mon, 02 Mar 2026 04:53 PM (IST)
Updated Date: Tue, 03 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਆਪਣੀ ਗੱਡੀ ਨੂੰ ਸਰਹੰਦ ਨਹਿਰ ’ਚ ਸੁੱਟ ਕੇ 32 ਸਾਲਾ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਹੇਠ ਥਾਣਾ ਥਰਮਲ ਬਠਿੰਡਾ ਦੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਰਮਨਦੀਪ ਕੌਰ ਵਾਸੀ ਬੱਲਾ ਰਾਮ ਨਗਰ ਬਠਿੰਡਾ ਨੇ ਦੱਸਿਆ ਕਿ 28 ਫਰਵਰੀ ਨੂੰ ਉਹ ਅਤੇ ਉਸਦਾ ਭਰਾ ਰਾਮ ਕਿਸ਼ਨ ਮੁਲਜਮ ਸੁਖਬੀਰ ਸਿੰਘ ਦੀ ਭੈਣ ਸ਼ੰਮੀ ਦੇ ਘਰ ਗੋਪਾਲ ਨਗਰ ਬਠਿੰਡਾ ਗਏ ਸਨ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਹੀ ਗੁਰਪ੍ਰੀਤ ਸਿੰਘ ਅਤੇ ਰਾਮ ਕ੍ਰਿਸ਼ਨ ਸ਼ਰਾਬ ਪੀਣ ਲੱਗੇ, ਜਿਸ ਤੋਂ ਬਾਅਦ ਉਸ ਦੀ ਦੋਸ਼ੀ ਸੁਖਬੀਰ ਸਿੰਘ ਨਾਲ ਬਹਿਸਬਾਜ਼ੀ ਹੋ ਗਈ। ਮੁਲਜਮ ਸੁਖਬੀਰ ਸਿੰਘ ਉਸਨੂੰ ਆਪਣੀ ਐਕਸ ਯੂਵੀ ਗੱਡੀ ਨੰਬਰ ਪੀਬੀ 03ਐਨ 8382 ਤੇ ਬਿਠਾ ਕੇ ਉਸ ਦੇ ਘਰ ਲੈ ਆਇਆ ਤੇ ਉਸਦੀ ਕੁੱਟਮਾਰ ਵੀ ਕੀਤੀ। ਪੀੜਤ ਨੇ ਦੱਸਿਆ ਕਿ ਇਕ ਮਾਰਚ ਨੂੰ ਦੋਸ਼ੀ ਸੁਖਬੀਰ ਸਿੰਘ ਦੇ ਪਿਤਾ ਦਾ ਫੋਨ ਆਇਆ ਕਿ ਸੁਖਬੀਰ ਉਸ ਦੇ ਭਰਾ ਰਾਮ ਕ੍ਰਿਸ਼ਨ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਲਿਆ ਰਿਹਾ ਸੀ ਕਿ ਗੱਡੀ ਸਰਹੰਦ ਨਹਿਰ ਵਿਚ ਡਿੱਗ ਪਈ। ਇਸ ਦੌਰਾਨ ਗੁਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਗੱਡੀ ਵਿੱਚੋਂ ਬਾਹਰ ਨਿਕਲ ਆਏ ਪਰ ਰਾਮ ਕਿਸ਼ਨ 32 ਸਾਲਾਂ ਦਾ ਕੁਝ ਪਤਾ ਨਹੀਂ ਲੱਗਾ। ਪੀੜਤ ਨੇ ਦੱਸਿਆ ਕਿ ਮੁਲਜਮਾਂ ਨੇ ਉਸ ਦੇ ਭਰਾ ਰਾਮਕਿਸ਼ਨ ਨੂੰ ਮਾਰ ਕੇ ਸਬੂਤ ਮਿਟਾਉਣ ਲਈ ਗੱਡੀ ਨੂੰ ਨਹਿਰ ਵਿੱਚ ਸੁੱਟਿਆ ਸੀ। ਥਾਣਾ ਥਰਮਲ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।