ਨੌਜਵਾਨ ਲਾਪਤਾ, ਨਹਿਰ ਕੰਢੇ ਲਾਵਾਰਿਸ ਕਾਰ ਬਰਾਮਦ
ਬਠਿੰਡਾ ਵਿਚ ਨੌਜਵਾਨ ਲਾਪਤਾ, ਸਰਹਿੰਦ ਨਹਿਰ ਕਿਨਾਰੇ ਲਾਵਾਰਿਸ ਕਾਰ ਮਿਲੀ
Publish Date: Sun, 01 Mar 2026 07:02 PM (IST)
Updated Date: Mon, 02 Mar 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਦੇ ਇਕ ਨੌਜਵਾਨ ਦੇ ਸ਼ਨੀਵਾਰ ਰਾਤ ਤੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਸਵੇਰੇ ਉਕਤ ਨੌਜਵਾਨ ਕਾਰ ਸਰਹਿੰਦ ਨਹਿਰ ਕੰਢੇ ਲਾਵਾਰਿਸ ਹਾਲਤ ਵਿਚ ਖੜੀ ਮਿਲੀ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਥਾਨਕ ਲੋਕਾਂ ਨੇ ਇਸ ਬਾਰੇ ਸਹਾਰਾ ਜਨ ਸੇਵਾ ਸੰਸਥਾ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਸਹਾਰਾ ਵਰਕਰ ਤੇ ਪੁਲਿਸ ਮੌਕੇ ’ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ। ਸਹਾਰਾ ਜਨ ਸੇਵਾ ਦੇ ਗੋਤਾਖੋਰਾਂ ਨੇ ਨਹਿਰ ਵਿਚ ਨੌਜਵਾਨ ਦੀ ਭਾਲ ਕੀਤੀ ਪਰ ਕੋਈ ਸਫਲਤਾ ਨਾ ਮਿਲਣ ‘ਤੇ ਮਾਮਲੇ ਦੀ ਗੰਭੀਰਤਾ ਦੇਖਦਿਆਂ ਐੱਨਡੀਆਰਐੱਫ ਦੀ ਟੀਮ ਨੂੰ ਸੂਚਿਤ ਕੀਤਾ ਗਿਆ। ਮੁੱਢਲੀ ਜਾਂਚ ਅਨੁਸਾਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨੌਜਵਾਨ ਇਕ ਦਿਨ ਤੋਂ ਲਾਪਤਾ ਸੀ ਤੇ ਹੋ ਸਕਦਾ ਹੈ ਕਿ ਉਹ ਨਹਿਰ ਕਿਨਾਰੇ ਗਿਆ ਹੋਵੇ ਅਤੇ ਕਿਸੇ ਕਾਰਨ ਕਰਕੇ ਪਾਣੀ ਵਿਚ ਡਿੱਗ ਗਿਆ ਹੋਵੇ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਨੌਜਵਾਨ ਸ਼ਨਿੱਚਰਵਾਰ ਰਾਤ ਘਰ ਤੋਂ ਨਿਕਲਿਆ ਸੀ, ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਕਾਫ਼ੀ ਤਲਾਸ਼ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਐਤਵਾਰ ਸਵੇਰੇ ਰਾਹਗੀਰਾਂ ਨੇ ਨਹਿਰ ਕਿਨਾਰੇ ਖੜੀ ਸ਼ੱਕੀ ਕਾਰ ਦੇਖ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਬਲ (ਐਨਡੀਆਰਐਫ) ਦੀ ਟੀਮ ਨੂੰ ਮੌਕੇ ‘ਤੇ ਸੱਦਿਆ। ਐਨਡੀਆਰਐਫ ਦੇ ਗੋਤਾਖੋਰ ਨਹਿਰ ਵਿਚ ਨੌਜਵਾਨ ਦੀ ਤਲਾਸ਼ ਕਰ ਰਹੇ ਹਨ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗਿਆ। ਪੁਲਿਸ ਅਨੁਸਾਰ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਉਸ ਦਾ ਪਤਾ ਲਗਾਉਣ ਦੀ ਮੰਗ ਕਰ ਰਹੇ ਹਨ।