ਬਰਨਾਲਾ ਰੈਲੀ ’ਚ ਵੱਡਾ ਇਕੱਠ, ਲੋਕ 2027 ’ਚ ਬਦਲਾਅ ਲਈ ਤਿਆਰ
ਬਰਨਾਲਾ ਰੈਲੀ ‘ਚ ਉਮੜਿਆ ਵਿਸ਼ਾਲ ਇਕੱਠ, ਲੋਕ 2027 ਵਿਚ ਬਦਲਾਅ ਲਈ ਤਿਆਰ
Publish Date: Sun, 01 Mar 2026 06:16 PM (IST)
Updated Date: Mon, 02 Mar 2026 04:08 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਬਰਨਾਲਾ ਵਿਖੇ ਹੋਈ ਵਿਸ਼ਾਲ ਰੈਲੀ ਦੌਰਾਨ ਰਾਹੁਲ ਗਾਂਧੀ ਦੇ ਸੰਬੋਧਨ ਨੂੰ ਸੁਣਨ ਲਈ ਭਾਰੀ ਜਨਸੈਲਾਬ ਉਮੜਿਆ। ਇਸ ਮੌਕੇ ਇੰਡੀਆਨ ਨੈਸ਼ਨਲ ਕਾਂਗਰਸ ਦੀ ਕੇਂਦਰੀ ਤੇ ਪੰਜਾਬੀ ਲੀਡਰਸ਼ਿਪ ਵੱਡੀ ਗਿਣਤੀ ’ਚ ਮੌਜੂਦ ਰਹੀ। ਰੈਲੀ ਵਿੱਚ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸੀਨੀਅਰ ਕਾਂਗਰਸ ਲੀਡਰ ਸ਼ਾਮਲ ਰਹੇ। ਤਲਵੰਡੀ ਸਾਬੋ ਹਲਕੇ ਤੋਂ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਮਰਥਕ ਰੈਲੀ ’ਚ ਸ਼ਾਮਲ ਹੋਏ। ਇਸ ਮੌਕੇ ਜਟਾਣਾ ਨੇ ਕਿਹਾ ਕਿ ਬਰਨਾਲਾ ਦੀ ਭਾਰੀ ਭੀੜ ਸਾਫ਼ ਸੰਕੇਤ ਦਿੰਦੀ ਹੈ ਕਿ ਪੰਜਾਬ ਦੀ ਜਨਤਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਮਨ ਬਣਾ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨਾਲ ਆਮ ਲੋਕ ਨਿਰਾਸ਼ ਹਨ। ਮਹਿੰਗਾਈ, ਬੇਰੁਜ਼ਗਾਰੀ ਤੇ ਕਿਸਾਨੀ ਸੰਕਟ ਵਰਗੇ ਮੁੱਦਿਆਂ ਹੱਲ ਕਰਨ ਵਿੱਚ ਕੇਂਦਰ ਸਰਕਾਰ ਫੇਲ੍ਹ ਰਹੀ ਹੈ। ਭਾਜਪਾ ਦੀਆਂ ਨੀਤੀਆਂ ਕਾਰਨ ਆਮ ਵਰਗ ‘ਤੇ ਆਰਥਿਕ ਬੋਝ ਵਧਿਆ ਹੈ ਤੇ ਲੋਕਾਂ ਦਾ ਜੀਵਨ ਮੁਸ਼ਕਿਲ ਹੋ ਗਿਆ ਹੈ। ਜਟਾਣਾ ਨੇ ਤਲਵੰਡੀ ਸਾਬੋ ਹਲਕੇ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਪਾਰਟੀ ਦਾ ਮਾਣ ਵਧਾਇਆ ਹੈ ਤੇ ਅੱਜ ਵੀ ਵੱਡੀ ਗਿਣਤੀ ਵਿਚ ਬਰਨਾਲਾ ਪਹੁੰਚ ਕੇ ਏਕਤਾ ਅਤੇ ਜੋਸ਼ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਰਣਜੀਤ ਸਿੰਘ ਸੰਧੂ, ਦਰਸ਼ਨ ਸਿੰਘ ਮਾਨਵਾਲਾ, ਲਖਵਿੰਦਰ ਸਿੰਘ ਲੱਕੀ, ਬਲਵਿੰਦਰ ਸਿੰਘ ਗੋਰਾ, ਸ਼ੁਭਮ ਸੈਨੀ, ਖੁਸ਼ਦੀਪ ਸਿੰਘ ਬੱਬੀ ਚੱਠਾ, ਭਰਪੂਰ ਸਿੰਘ, ਰੂਬੀ ਸ਼ਰਮਾ ਅਤੇ ਦਿਲਪ੍ਰੀਤ ਸਿੰਘ ਸਮੇਤ ਕਈ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।