ਨਰਮੇ ’ਚ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਲਾਇਆ ਜਾਗਰੂਕਤਾ ਕੈਂਪ
ਨਰਮੇ ਦੀ ਫ਼ਸਲ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਜਾਗਰੂਕਤਾ ਕੈਂਪ ਲਾਇਆ
Publish Date: Sun, 01 Mar 2026 06:12 PM (IST)
Updated Date: Mon, 02 Mar 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਖੇਤਰੀ ਖੋਜ ਕੇਂਦਰ ਬਠਿੰਡਾ ਅਤੇ ਆਈਸੀਏਆਰ, ਸੀਆਈਸੀਆਰਆਰਐਸ ਸਿਰਸਾ ਵੱਲੋਂ ਪਿੰਡ ਜੋਧਪੁਰ ਰੋਮਾਣਾ (ਜ਼ਿਲ੍ਹਾ ਬਠਿੰਡਾ) ਵਿਖੇ ਨਰਮੇ ਦੀ ਫ਼ਸਲ ਵਿਚ ਗੁਲਾਬੀ ਸੁੰਡੀ ਤੇ ਹੋਰ ਸਮੱਸਿਆਵਾਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਵਿਚ 100 ਤੋਂ ਵੱਧ ਕਿਸਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸੇਖੋਂ ਸਮੇਤ ਰਿਸਰਚ ਸਟੇਸ਼ਨ, ਬਠਿੰਡਾ ਦੇ ਵੱਖ-ਵੱਖ ਵਿਗਿਆਨੀਆਂ ਨੇ ਸ਼ਿਰਕਤ ਕੀਤੀ। ਡਾ. ਸੇਖੋਂ ਨੇ ਨਰਮੇ ਦੀ ਫ਼ਸਲ ਤੋਂ ਵੱਧ ਝਾੜ ਪ੍ਰਾਪਤ ਕਰਨ ਲਈ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਖੇਤੀ ਨੂੰ ਲਾਭਕਾਰੀ ਬਣਾਉਣ ਦੇ ਤਰੀਕੇ ਸਾਂਝੇ ਕੀਤੇ। ਉਨ੍ਹਾਂ ਨੌਜਵਾਨਾਂ ਦਾ ਖੇਤੀ ਵਲ ਰੁਝਾਨ ਵਧਾਉਣ ਲਈ ਅਤੇ ਆਧੁਨਿਕ ਢੰਗ ਅਪਣਾ ਕੇ ਵੱਧ ਮੁਨਾਫਾ ਕਮਾਉਣ ਲਈ ਪ੍ਰੇਰਿਤ ਕੀਤਾ। ਡਾ. ਹਰਜੀਤ ਸਿੰਘ ਬਰਾੜ ਨੇ ਨਰਮੇ ਦੀ ਬਿਜਾਈ ਤੇ ਸਹੀ ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਡਾ. ਸੁਖਦੀਪ ਕੌਰ ਅਤੇ ਡਾ. ਗੋਮਤੀ ਗਰੋਵਰ ਨੇ ਕਿਸਾਨ ਭਰਾਵਾਂ ਨੂੰ ਨਰਮੇ ਦੀ ਫ਼ਸਲ ਲਈ ਤਿਆਰ ਕੀਤੇ ਗਏ ਨਵੇਂ ਤੇ ਉੱਚ ਕੁਆਲਟੀ ਵਾਲੇ ਬੀਜਾਂ ਬਾਰੇ ਜਾਣਕਾਰੀ ਦਿੱਤੀ। ਐਂਟੋਮੋਲੋਜਿਸਟ ਡਾ. ਜਸਜਿੰਦਰ ਕੌਰ ਨੇ ਨਰਮੇ ਦੀ ਫ਼ਸਲ ਵਿਚ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਐਂਟੋਮੋਲੋਜਿਸਟ ਡਾ. ਜਸਰੀਤ ਕੌਰ ਨੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਿਫਾਰਿਸ਼ਸ਼ੁਦਾ ਕੀਟਨਾਸ਼ਕਾਂ ਦੇ ਸਹੀ ਅਤੇ ਸਮੇਂ-ਸਿਰ ਇਸਤੇਮਾਲ ਦੇ ਨਾਲ-ਨਾਲ ਨਿਯਮਿਤ ਸਰਵੇਖਣ ਕਰਨ, ਸਪਲੈਟ ਤਕਨੀਕ, ਪੀਬੀ ਨਾਟ ਅਤੇ ਹੋਰ ਪ੍ਰਭਾਵਸ਼ਾਲੀ ਢੰਗਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੌਦ ਰੋਗ ਵਿਗਿਆਨੀ ਡਾ. ਰੁਪੇਸ਼ ਅਰੋੜਾ ਨੇ ਨਰਮੇ ਦੀ ਫ਼ਸਲ ਵਿੱਚ ਆ ਰਹੀਆਂ ਵੱਖ-ਵੱਖ ਬਿਮਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਸਮੇਂ ਸਿਰ ਪਹਿਚਾਣ ਅਤੇ ਠੀਕ ਰੋਕਥਾਮ ਦੇ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ। ਕਿਸਾਨ ਭਲਾਈ ਵਿਭਾਗ ਬਠਿੰਡਾ ਦੇ ਅਧਿਕਾਰੀ ਡਾ. ਹਰਜਸ ਸ਼ਰਮਾ (ਖੇਤੀਬਾੜੀ ਅਫ਼ਸਰ) ਨੇ ਕਿਸਾਨਾਂ ਨੂੰ ਨਰਮੇ ਦੀਆਂ ਛਟੀਆਂ ਦੇ ਢੇਰਾਂ ਨੂੰ ਪਲਟਣ ਅਤੇ ਛਟੀਆਂ ਨੂੰ ਝਾੜ ਕੇ ਰੱਖਣ ਦੀ ਅਪੀਲ ਕੀਤੀ, ਤਾਂ ਜੋ ਅਧਖਿੜੇ ਟੀਂਡਿਆਂ ਵਿੱਚ ਮੌਜੂਦ ਗੁਲਾਬੀ ਸੁੰਡੀ ਦੇ ਲਾਰਵੇ ਨਸ਼ਟ ਕੀਤੇ ਜਾ ਸਕਣ। ਖੇਤੀਬਾੜੀ ਵਿਭਾਗ ਵੱਲੋਂ ਚੱਲ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਗਿਆਨੀਆਂ ਵੱਲੋਂ ਕੈਂਪ ਵਿਚ ਸ਼ਾਮਲ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।