ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਵੇਖਣ ਲਈ ਕਾਹਲੇ : ਅਕਾਲੀ ਆਗੂ
ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਵੇਖਣ ਲਈ ਕਾਹਲੇ: ਅਕਾਲੀ ਆਗੂ
Publish Date: Sun, 01 Mar 2026 05:06 PM (IST)
Updated Date: Mon, 02 Mar 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਭਰ ਵਿਚ ਸ਼ੁਰੂ ਕੀਤੀਆਂ “ਪੰਜਾਬ ਬਚਾਓ ਰੈਲੀਆਂ” ਦੀ ਬੇਮਿਸਾਲ ਸਫਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਖਣ ਲਈ ਕਾਹਲੇ ਹਨ। ਇਨ੍ਹਾਂ ਰੈਲੀਆਂ ਵਿਚ ਹਰ ਵਰਗ, ਕਿਸਾਨ, ਮਜ਼ਦੂਰ, ਨੌਜਵਾਨ, ਵਪਾਰੀ ਤੇ ਮਹਿਲਾਵਾਂ ਦੀ ਵੱਡੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਲੋਕ ਮੌਜੂਦਾ ਹਾਲਾਤਾਂ ਤੋਂ ਨਿਰਾਸ਼ ਹਨ ਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਦੇਖਣਾ ਚਾਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਵਿੰਦਰ ਸਿੰਘ ਸਿੱਧੂ ਸੀਨੀਅਰ ਨੌਜਵਾਨ ਆਗੂ ਸ਼੍ਰੋਮਣੀ ਅਕਾਲੀ ਦਲ ਕੈਨੇਡਾ, ਪ੍ਰਮਾਤਮਾ ਸਿੰਘ ਹਮੀਰਗੜ੍ਹ ਸੀਨੀਅਰ ਅਕਾਲੀ ਆਗੂ ਕੈਨੇਡਾ, ਸ਼ਿਵਇੰਦਰ ਸਿੰਘ ਸਲਾਬਤਪੁਰਾ ਸੀਨੀਅਰ ਅਕਾਲੀ ਆਗੂ ਕੈਨੇਡਾ, ਗੁਰਲਾਲ ਸਿੰਘ ਧਾਲੀਵਾਲ ਅਕਾਲੀ ਆਗੂ ਕੈਨੇਡਾ, ਰਮਨਦੀਪ ਸਿੰਘ ਸਲਾਬਤਪੁਰਾ ਕੈਨੇਡਾ ਅਤੇ ਕਰਮਜੀਤ ਸਿੰਘ ਕਾਂਗੜ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ ਭਗਤਾ ਨੇ ਸਾਂਝੇ ਤੌਰ ’ਤੇ ਕੀਤਾ। ਅਕਾਲੀ ਦਲ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਥਕ ਮੁੱਲਾਂ ਦਾ ਰਖਵਾਲਾ ਰਿਹਾ ਹੈ। ਅਕਾਲੀ ਦਲ ਨੇ ਸੱਤਾ ਵਿੱਚ ਰਹਿੰਦਿਆਂ ਕਿਸਾਨੀ ਦੀ ਬੇਹਤਰੀ ਲਈ ਅਹਿਮ ਫੈਸਲੇ, ਸੂਬੇ ਦਾ ਸਰਬਪੱਖੀ ਵਿਕਾਸ, ਸਿੱਖਿਆ ਅਤੇ ਸਮਾਜਿਕ ਭਲਾਈ ਲਈ ਇਤਿਹਾਸਕ ਫੈਸਲੇ ਕੀਤੇ। ਜਦਕਿ ਅੱਜ ਸੂਬੇ ਵਿਚ ਕਾਨੂੰਨ-ਵਿਵਸਥਾ, ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੀਆਂ ਸਮੱਸਿਆਵਾਂ ਲੋਕਾਂ ਨੂੰ ਘੇਰੀ ਬੈਠੀਆਂ ਹਨ, ਤਾਂ ਸੂਬੇ ਦੀ ਜਨਤਾ ਨੂੰ ਯਾਦ ਆ ਰਿਹਾ ਹੈ ਕਿ ਮਜ਼ਬੂਤ ਤੇ ਤਜਰਬੇਕਾਰ ਪ੍ਰਬੰਧਨ ਕਿੰਨਾ ਜ਼ਰੂਰੀ ਹੁੰਦਾ ਹੈ। ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਰੋਜ਼ਾਨਾ ਵੱਡੀ ਗਿਣਤੀ ਵਿਚ ਨੌਜਵਾਨ ਤੇ ਸਮਾਜਿਕ ਆਗੂ ਅਕਾਲੀ ਦਲ ਨਾਲ ਜੁੜ ਰਹੇ ਹਨ। ਇਹ ਸ਼ਮੂਲੀਅਤ ਸਿਰਫ਼ ਰਾਜਨੀਤਿਕ ਨਹੀਂ, ਸਗੋਂ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਲਹਿਰ ਹੈ। ਵਿਰੋਧੀ ਧਿਰਾਂ ਦੀ ਬੇਚੈਨੀ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕਾਂ ਦਾ ਵਿਸ਼ਵਾਸ ਮੁੜ ਅਕਾਲੀ ਦਲ ਵਿਚ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ‘ਤੇ ਲਿਆਂਦਾ ਜਾਵੇਗਾ ਤੇ ਸੂਬੇ ਦੀ ਆਵਾਜ਼ ਨੂੰ ਦਿੱਲੀ ਤਕ ਮਜ਼ਬੂਤੀ ਨਾਲ ਪਹੁੰਚਾਇਆ ਜਾਵੇਗਾ।