- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਕਾਰ ਸੰਘਰਸ਼ ਪਾਰਟੀ 8 ਮਾਰਚ ਨੂੰ ਬਠਿੰਡਾ ਵਿਚ ਮਨਾਏਗੀ ਪਹਿਲਾ ਸਥਾਪਨਾ ਦਿਵਸ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਧਿਕਾਰ ਸੰਘਰਸ਼ ਪਾਰਟੀ ਆਪਣਾ ਪਹਿਲਾ ਸਥਾਪਨਾ ਦਿਵਸ ਇੰਟਰਨੈਸ਼ਨਲ ਵੂਮੈਨ ਡੇ ਮੌਕੇ 8 ਮਾਰਚ 2026 ਨੂੰ ਬਠਿੰਡਾ ’ਚ ਮਨਾਉਣ ਜਾ ਰਹੀ ਹੈ। ਪ੍ਰੈੱਸ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੱਖਣ ਸਿੰਘ ਭਾਈ ਰੂਪਾ ਨੇ ਦਿੱਤੀ। ਅਧਿਕਾਰ ਸੰਘਰਸ਼ ਪਾਰਟੀ ਦਾ ਗਠਨ 8 ਮਾਰਚ 2025 ਨੂੰ ਪ੍ਰੈੱਸ ਕਲੱਬ ਜਲੰਧਰ ’ਚ ਕੀਤਾ ਗਿਆ ਸੀ। ਉਸ ਸਮੇਂ ਇੰਜੀਨੀਅਰ ਗੁਰਬਖਸ਼ ਸਿੰਘ ਸ਼ੇਰਗਿੱਲ ਨੂੰ ਨੈਸ਼ਨਲ ਪ੍ਰਧਾਨ, ਬੀਬੀ ਸਤਵੀਰ ਕੌਰ ਮਨਹੇੜਾ ਨੂੰ ਸੀਨੀਅਰ ਉਪ ਪ੍ਰਧਾਨ, ਦਰਬਾਰਾ ਸਿੰਘ ਬਟਾਲਾ ਨੂੰ ਜਨਰਲ ਸਕੱਤਰ ਤੇ ਮੱਖਣ ਸਿੰਘ ਭਾਈ ਰੂਪਾ ਨੂੰ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਸੀ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਭਿੰਡਰ ਫਿਰੋਜ਼ਪੁਰ ਨੂੰ ਪੰਜਾਬ ਪ੍ਰਧਾਨ ਤੇ ਭਰਪੂਰ ਸਿੰਘ ਸ਼ੇਰਗਿੱਲ ਨੂੰ ਪੰਜਾਬ ਜਨਰਲ ਸਕੱਤਰ ਬਣਾਇਆ ਗਿਆ ਸੀ। ਪੰਜਾਬ ਤੇ ਹਰਿਆਣਾ ’ਚ ਪਾਰਟੀ ਅਹੁਦੇਦਾਰ ਨਿਰੰਤਰ ਮਿਹਨਤ ਕਰਦੇ ਹੋਏ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਨ ਤੇ ਦੋਵਾਂ ਸੂਬਿਆਂ ਵਿੱਚ ਲੋਕਾਂ ਦਾ ਪਾਰਟੀ ਨਾਲ ਜੁੜਨ ਦਾ ਸਿਲਸਿਲਾ ਜਾਰੀ ਹੈ। 8 ਮਾਰਚ 2026 ਨੂੰ ਪਾਰਟੀ ਦੇ ਗਠਨ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ, ਜਿਸ ਮੌਕੇ ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ’ਚ ਸਾਥੀ ਸ਼ਮੂਲੀਅਤ ਕਰਨਗੇ। ਮੱਖਣ ਸਿੰਘ ਭਾਈ ਰੂਪਾ ਨੇ ਦੋਸ਼ ਲਾਇਆ ਕਿ ਰਵਾਇਤੀ ਪਾਰਟੀਆਂ ਨੇ ਐੱਸਸੀ, ਐੱਸਟੀ, ਓਬੀਸੀ ਤੇ ਧਾਰਮਿਕ ਘੱਟ ਗਿਣਤੀਆਂ ਦਾ ਸ਼ੋਸ਼ਣ ਕੀਤਾ ਹੈ ਤੇ ਵੋਟਾਂ ਲੈਣ ਤੋਂ ਬਾਅਦ ਉਨ੍ਹਾਂ ਦੀ ਸਾਰ ਨਹੀਂ ਲਈ। ਧਨਾਢ ਵਰਗ ਦੇ ਹੱਕ ’ਚ ਬਣ ਰਹੀਆਂ ਨੀਤੀਆਂ ਕਾਰਨ ਅਮੀਰ-ਗਰੀਬ ਵਿਚਾਲੇ ਖਾਈ ਵੱਧ ਰਹੀ ਹੈ। ਪਾਰਟੀ ਦੇ ਏਜੰਡੇ ਬਾਰੇ ਉਨ੍ਹਾਂ ਦੱਸਿਆ ਕਿ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਕੇ ਬੇ-ਜ਼ਮੀਨ ਪਰਿਵਾਰਾਂ ਨੂੰ ਜ਼ਮੀਨ ਦਿੱਤੀ ਜਾਵੇਗੀ। 10ਵੀਂ ਤੋਂ 12ਵੀ ਤੱਕ ਪੜ੍ਹੀਆਂ ਮਹਿਲਾਵਾਂ ਲਈ ਹਰ ਸਾਲ ਇਕ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਨੌਕਰੀਆਂ ਦਾ ਬੈਕਲਾਗ ਪੂਰਾ ਕੀਤਾ ਜਾਵੇਗਾ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਤੇ ਪੁਰਾਣੀ ਪੈਨਸ਼ਨ ਸਕੀਮ ਮੁੜ ਚਾਲੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਪੰਜ ਲੱਖ ਰੁਪਏ ਤੱਕ ਬਿਨਾਂ ਵਿਆਜ ਕਰਜ਼ਾ ਦਿੱਤਾ ਜਾਵੇਗਾ। ਬੁਢਾਪਾ, ਵਿਧਵਾ ਤੇ ਦਿਵਿਆਂਗ ਪੈਨਸ਼ਨ 5100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਲੋੜਵੰਦ ਲੜਕੀਆਂ ਨੂੰ ਵਿਆਹ ਤੋਂ ਇਕ ਮਹੀਨਾ ਪਹਿਲਾਂ 1,51,000 ਰੁਪਏ ਸ਼ਗਨ ਯੋਜਨਾ ਤਹਿਤ ਦਿੱਤੇ ਜਾਣਗੇ। ਪੰਜ ਕਿਲਿਆਂ ਤੱਕ ਮੋਟਰ ਕੁਨੈਕਸ਼ਨ ਮੁਫ਼ਤ ਦਿੱਤੇ ਜਾਣਗੇ ਤੇ ਲੋੜਵੰਦਾਂ ਨੂੰ ਬਿਜਲੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਠੇਕੇਦਾਰੀ ਪ੍ਰਣਾਲੀ ਬੰਦ ਕਰਨ, ਸਕਿੱਲਡ ਕਾਮਿਆਂ ਦੀ ਮਜ਼ਦੂਰੀ 1200 ਰੁਪਏ ਤੇ ਮਜ਼ਦੂਰਾਂ ਦੀ ਮਜ਼ਦੂਰੀ 900 ਰੁਪਏ ਪ੍ਰਤੀ ਦਿਨ ਨਿਰਧਾਰਤ ਕਰਨ ਦੀ ਵੀ ਗੱਲ ਆਖੀ।