ਹਰੀਆਂ ਸਬਜ਼ੀਆਂ ਬਣੀਆਂ ਪਸ਼ੂਆਂ ਦੀ ਖੁਰਲੀ ਦਾ ਸ਼ਿੰਗਾਰ
ਵਧ ਰਹੀ ਮਹਿੰਗਾਈ ਕਾਰਨ ਹਰੀਆਂ ਸਬਜ਼ੀਆਂ ਬਣੀਆਂ ਪਸ਼ੂਆਂ ਦੀ ਖੁਰਲੀ ਦਾ ਸ਼ਿੰਗਾਰ
Publish Date: Sun, 01 Mar 2026 04:47 PM (IST)
Updated Date: Mon, 02 Mar 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਧ ਰਹੀ ਮਹਿੰਗਾਈ ਨੇ ਜਿੱਥੇ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕੀਤੀ ਹੈ, ਉੱਥੇ ਪਸ਼ੂ ਪਾਲਕ ਵੀ ਇਸ ਤੋਂ ਅਛੂਤੇ ਨਹੀਂ ਰਹੇ। ਤੂੜੀ, ਹਰੇ ਚਾਰੇ ਤੇ ਪਸ਼ੂ ਫੀਡ ਦੇ ਵਧਦੇ ਭਾਅ ਕਾਰਨ ਪਸ਼ੂ ਪਾਲਣ ਦਾ ਧੰਦਾ ਘੱਟ ਮੁਨਾਫ਼ੇ ਵਾਲਾ ਬਣਦਾ ਜਾ ਰਿਹਾ ਹੈ। ਇਸ ਕਾਰਨ ਅੱਜਕੱਲ੍ਹ ਗੋਭੀ, ਗਾਜਰ, ਮਟਰ, ਆਲੂ, ਸ਼ਲਗਮ ਅਤੇ ਮੂਲੀ ਵਰਗੀਆਂ ਹਰੀਆਂ ਤੇ ਕੱਚੀਆਂ ਸਬਜ਼ੀਆਂ ਪਸ਼ੂਆਂ ਦੀਆਂ ਖੁਰਲੀਆਂ ਦਾ ਸ਼ਿੰਗਾਰ ਬਣ ਰਹੀਆਂ ਹਨ। ਇਸ ਸਬੰਧੀ ਸੰਯੁਕਤ ਨਿਰਦੇਸ਼ਕ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਪਸ਼ੂ ਪਾਲਕਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਈ ਪਸ਼ੂ ਪਾਲਕ ਹੁਣ ਰਵਾਇਤੀ ਹਰੇ ਚਾਰੇ ਅਤੇ ਤੂੜੀ ਦੀ ਥਾਂ ਸਬਜ਼ੀਆਂ ਦਾ ਇਸਤੇਮਾਲ ਕਰ ਰਹੇ ਹਨ। ਥੋਕ ਭਾਅ ’ਤੇ ਸਸਤੀ ਮਿਲਣ ਵਾਲੀਆਂ ਇਹ ਸਬਜ਼ੀਆਂ ਵਿਟਾਮਿਨ ਅਤੇ ਖਣਿਜ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ, ਜਿਸ ਨਾਲ ਪਸ਼ੂਆਂ ਦੀ ਸਿਹਤ ਸੁਧਰਦੀ ਹੈ ਅਤੇ ਦੁੱਧ ਉਤਪਾਦਨ ਵਿੱਚ ਵੀ ਵਾਧਾ ਹੁੰਦਾ ਹੈ। ਪਸ਼ੂ ਪਾਲਕਾਂ ਅਨੁਸਾਰ ਜ਼ਮੀਨਾਂ ਦੇ ਮਹਿੰਗੇ ਠੇਕੇ, ਤੂੜੀ ਤੇ ਚਾਰੇ ਦੇ ਵਧੇ ਭਾਅ ਕਾਰਨ ਇਹ ਬਦਲਾਅ ਲਾਜ਼ਮੀ ਹੋ ਗਿਆ ਹੈ। ਕਈ ਵਪਾਰੀ ਸਬਜ਼ੀਆਂ ਥੋਕ ਰੇਟ ’ਤੇ ਸਿੱਧੀਆਂ ਡੇਅਰੀ ਫਾਰਮਾਂ ਤੱਕ ਪਹੁੰਚਾ ਰਹੇ ਹਨ, ਜਿਸ ਨਾਲ ਪਾਲਕਾਂ ਨੂੰ ਸਹੂਲਤ ਮਿਲ ਰਹੀ ਹੈ। ਹਾਲਾਂਕਿ ਮਾਹਿਰਾਂ ਨੇ ਚਿਤਾਵਨੀ ਵੀ ਦਿੱਤੀ ਕਿ ਵੱਡੇ ਆਕਾਰ ਦੀਆਂ ਸਬਜ਼ੀਆਂ, ਜਿਵੇਂ ਆਲੂ ਜਾਂ ਸ਼ਲਗਮ, ਬਿਨਾਂ ਕੱਟੇ ਪਸ਼ੂਆਂ ਨੂੰ ਦੇਣ ਨਾਲ ਉਹ ਖੁਰਾਕ ਦੀ ਨਲੀ ਵਿਚ ਫਸ ਸਕਦੀਆਂ ਹਨ, ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਇਸ ਲਈ ਸੰਤੁਲਿਤ ਤੇ ਸਾਵਧਾਨੀ ਨਾਲ ਖੁਰਾਕ ਦੇਣ ਦੀ ਸਲਾਹ ਦਿੱਤੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ 15 ਤੋਂ 45 ਦਿਨਾਂ ਦੇ ਸਿਖਲਾਈ ਕੈਂਪ ਲਗਾ ਕੇ ਅਗਾਂਹ ਵਧੂ ਕਿਸਾਨਾਂ ਨੂੰ ਪਸ਼ੂ ਪਾਲਣ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਧੰਦਾ ਸ਼ੁਰੂ ਕਰਨ ਲਈ ਕਰਜ਼ਾ ਸਹੂਲਤ ਵੀ ਉਪਲਬਧ ਹੈ। ਵੈਟਰਨਰੀ ਹਸਪਤਾਲਾਂ ਵਿੱਚ ਗਊਆਂ-ਮੱਝਾਂ ਲਈ ਸਸਤੇ ਰੇਟ ’ਤੇ ਸੈਕਸਡ ਸੀਮਨ ਦੇ ਟੀਕੇ ਵੀ ਉਪਲਬਧ ਕਰਵਾਏ ਜਾ ਰਹੇ ਹਨ। ਇਸ ਤਕਨੀਕ ਨਾਲ ਮਨਚਾਹੀ ਗਰਭਧਾਰਣ ਰਾਹੀਂ ਵੱਛੀਆਂ ਅਤੇ ਕੱਟੀਆਂ ਦੀ ਪੈਦਾਵਾਰ ਵਧਾਈ ਜਾ ਰਹੀ ਹੈ, ਜੋ ਪਸ਼ੂ ਪਾਲਕਾਂ ਲਈ ਲਾਭਕਾਰੀ ਸਾਬਤ ਹੋ ਰਹੀ ਹੈ।